
ਲੁਧਿਆਣਾ ਤੋਂ ਦਿੱਲੀ ਦੀ ਫਲਾਈਟ ਲੰਬੇ ਸਮੇਂ ਤੋਂ ਸ਼ੁਰੂ ਹੋਣ ਦੀ ਉਡੀਕ ਹੁਣ ਖਤਮ ਹੋ ਗਈ ਹੈ। 2 ਸਤੰਬਰ ਤੋਂ ਸਾਹਨੇਵਾਲ ਏਅਰਪੋਰਟ ਤੋਂ 70 ਸੀਟਾਂ ਵਾਲਾ ਜਹਾਜ਼..
ਲੁਧਿਆਣਾ: ਲੁਧਿਆਣਾ ਤੋਂ ਦਿੱਲੀ ਦੀ ਫਲਾਈਟ ਲੰਬੇ ਸਮੇਂ ਤੋਂ ਸ਼ੁਰੂ ਹੋਣ ਦੀ ਉਡੀਕ ਹੁਣ ਖਤਮ ਹੋ ਗਈ ਹੈ। 2 ਸਤੰਬਰ ਤੋਂ ਸਾਹਨੇਵਾਲ ਏਅਰਪੋਰਟ ਤੋਂ 70 ਸੀਟਾਂ ਵਾਲਾ ਜਹਾਜ਼ ਲੁਧਿਆਣਾ ਤੋਂ ਦਿੱਲੀ ਲਈ ਆਪਣੀ ਪਹਿਲੀ ਉਡਾਣ ਭਰਨ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਸਾਹਨੇਵਾਲ ਏਅਰਪੋਰਟ ਦੇ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੀ ਰਿਜਨਲ ਕੁਨੈਕਟੀਵਿਟੀ ਸਕੀਮ ਉਡਾਣ ਤਹਿਤ ਏਅਰ ਇੰਡੀਆ ਦੀ ਅਲਾਇੰਸ ਏਅਰ ਦਾ ਏਅਰਕ੍ਰਾਫਟ ਏ. ਟੀ. ਆਰ.-72 ਸ਼ਨੀਵਾਰ ਨੂੰ ਸਾਹਨੇਵਾਲ ਏਅਰਪੋਰਟ ਤੋਂ ਆਪਣੀ ਫਲਾਈਟ ਸ਼ੁਰੂ ਕਰੇਗਾ।
ਇਸ ਸਬੰਧ ਵਿਚ ਵੱਖ-ਵੱਖ ਸਾਈਟਾਂ ‘ਤੇ ਆਨਲਾਈਨ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਇੱਥੇ ਵਰਣਨਯੋਗ ਹੈ ਕਿ ਉਡਾਣ ਸਕੀਮ ਦੇ ਪਹਿਲੇ ਪੜਾਅ ਦੇ ਤਹਿਤ 500 ਕਿਲੋਮੀਟਰ ਤੋਂ ਘੱਟ ਦੂਰੀ ਦੀਆਂ ਉਡਾਣਾਂ ‘ਤੇ ਜਹਾਜ਼ ਦੀਆਂ ਅੱਧੀਆਂ ਸੀਟਾਂ 2500 ਰੁਪਏ ਕੀਮਤ ਤੱਕ ਮੁਹੱਈਆ ਹੋਣਗੀਆਂ, ਜਦੋਂਕਿ ਅੱਜ ਹੋਈ ਆਨਲਾਈਨ ਟਿਕਟ ਬੁਕਿੰਗ 2000 ਰੁਪਏ ਵਿਚ ਮੁਹੱਈਆ ਸੀ। ਸਾਹਨੇਵਾਲ ਏਅਰਪੋਰਟ ਤੋਂ ਫਲਾਈਟ ਹਫਤੇ ‘ਚ 4 ਦਿਨ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ। ਦਿੱਲੀ ਤੋਂ ਜਹਾਜ਼ 3 ਵਜੇ ਚੱਲ ਕੇ ਲੁਧਿਆਣਾ ਵਿਚ 4 ਵੱਜ ਕੇ 15 ਮਿੰਟ ‘ਤੇ ਲੈਂਡ ਕਰੇਗਾ।
ਲੁਧਿਆਣਾ ਤੋਂ ਇਹੀ ਜਹਾਜ਼ ਸ਼ਾਮ 4 ਵੱਜ ਕੇ 45 ਮਿੰਟ ‘ਤੇ ਉਡਾਰੀ ਭਰ ਕੇ 5 ਵੱਜ ਕੇ 55 ਮਿੰਟ ‘ਤੇ ਦਿੱਲੀ ਪੁੱਜੇਗਾ। ਇਸ ਤੋਂ ਇਲਾਵਾ ਏਅਰ ਡੈਕਨ ਨੂੰ ਜਹਾਜ਼ ਦੀ ਅਕਤੂਬਰ ਵਿਚ ਉਡਾਣ ਸ਼ੁਰੂ ਹੋਣ ਦੀ ਪੂਰੀ ਆਸ ਹੈ। ਕੈਪਟਨ ਸਰਕਾਰ ਨੇ ਚੋਣਾਂ ਵਿਚ ਕੀਤਾ ਆਪਣਾ ਵੱਡਾ ਵਾਅਦਾ ਪੂਰਾ ਕਰਕੇ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ ਕਰਵਾਈ ਹੈ, ਜਿਸ ਨਾਲ ਉਦਯੋਗਪਤੀਆਂ ਅਤੇ ਆਮ ਜਨਤਾ ਨੂੰ ਫਾਇਦਾ ਪਹੁੰਚੇਗਾ। ਬਤੌਰ ਐੱਮ. ਪੀ. ਮੈਂ ਅਤੇ ਵਿਧਾਇਕਾਂ ਰਾਕੇਸ਼ ਪਾਂਡੇ, ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ ਅਤੇ ਸੰਜੇ ਤਲਵਾੜ ਨੇ ਆਪਣੇ ਯਤਨਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੇਂਦਰ ਸਰਕਾਰ ਦੀ ਉਡਾਣ ਸਕੀਮ ‘ਤੇ ਕਰਾਰ ਕਰਵਾਇਆ ਸੀ ਜੋ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ 20 ਫੀਸਦੀ ਸਟੇਟ ਸ਼ੇਅਰ ਨਾ ਦਿੱਤੇ ਜਾਣ ਨਾਲ ਅਧੂਰਾ ਰਹਿ ਗਿਆ ਸੀ।
ਅਜੇ ਲੁਧਿਆਣਾ-ਦਿੱਲੀ ਲਈ ਸ਼ਾਮ ਦੀ ਫਲਾਈਟ ਸ਼ੁਰੂ ਹੋਈ ਹੈ। ਸਾਡਾ ਅਗਲਾ ਨਿਸ਼ਾਨਾ ਏਅਰ ਡੈਕਨ ਦੀ ਫਲਾਈਟ ਜਲਦ ਹੀ ਸਵੇਰ ਸਮੇਂ ਸ਼ੁਰੂ ਕਰਵਾਉਣ ਦਾ ਹੈ ਤਾਂਕਿ ਕਾਰੋਬਾਰੀਆਂ ਨੂੰ ਹਵਾਈ ਸੇਵਾ ਦਾ ਪੂਰਾ ਲਾਭ ਮਿਲ ਸਕੇ।