
ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ ਮਿੱਲ ਮਾਲਕ : ਪੰਡੋਰੀ
ਚੰਡੀਗੜ੍ਹ : ਪਿਛਲੀ ਅਕਾਲੀ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਕਿਸਾਨਾਂ ਦੇ ਹੱਕ ਮਾਰ ਰਹੀ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਆਪਣੇ ਵਾਅਦੇ ਤੋਂ ਮੁਕਰ ਗਏ ਹਨ। ਇਹ ਪ੍ਰਗਟਾਵਾ ਕੋਟਕਪੂਰਾ ਤੋਂ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ।
Kultar Singh Sandhwan
ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਕਾਰਨ ਸੂਬੇ ਦੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸੂਬੇ ਦੀਆਂ 76 ਪ੍ਰਾਈਵੇਟ ਮਿੱਲਾਂ ਨੇ ਸਾਲ 2017-18 ਅਤੇ 18-19 ਲਈ ਸੂਬੇ ਦੇ ਕਿਸਾਨਾਂ ਦਾ ਕਰੀਬ 859 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੋਣ ਕਾਰਨ ਉਹ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸੇ ਸੂਬੇ ਦੀਆਂ 9 ਸਹਿਕਾਰੀ ਮਿੱਲਾਂ ਵੱਲ ਕਿਸਾਨਾਂ ਦਾ 2 ਸਾਲ ਦਾ ਕਰੀਬ 333 ਕਰੋੜ ਦਾ ਬਕਾਇਆ ਹੈ।
Sugarcane farmer
ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਨੂੰ ਕਿਸਾਨਾਂ ਦਾ ਰਾਖਾ ਕਹਾਉਂਦੇ ਹਨ ਅਤੇ ਦੂਸਰੇ ਪਾਸੇ ਸੂਬੇ ਦੇ ਗੰਨਾ ਕਿਸਾਨਾਂ ਦਾ ਕਰੀਬ 1192 ਕਰੋੜ ਰੁਪਏ ਦੱਬ ਕੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਗੰਨਾ ਕਿਸਾਨਾਂ ਦੀ ਰਾਸ਼ੀ ਦਾ ਭੁਗਤਾਨ ਕਰੇ ਤਾਂ ਜੋ ਕਿਸਾਨ ਅਗਲੀ ਫ਼ਸਲ ਬੀਜਣ ਲਈ ਖਾਦਾਂ ਅਤੇ ਬੀਜ ਖ਼ਰੀਦ ਸਕਣ।
Kulwant Singh Pandori
ਉਧਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਗੰਨਾ ਕਿਸਾਨ ਧੂਰੀ ਖੰਡ ਮਿੱਲ ਦੇ ਸਾਹਮਣੇ ਲੰਮੇ ਸਮੇਂ ਤੋਂ ਧਰਨਾ ਲਗਾ ਕੇ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਅਤੇ ਕਾਂਗਰਸੀ ਆਗੂ ਵਾਰ-ਵਾਰ ਕਿਸਾਨਾਂ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਇਸੇ ਕਾਰਨ ਹੀ ਪਿਛਲੇ ਦੋ ਸਾਲਾਂ ਵਿਚ ਕਾਂਗਰਸ ਸਰਕਾਰ ਦੇ ਦੌਰਾਨ ਕਿਸਾਨ ਖ਼ੁਦਕੁਸ਼ੀਆਂ 'ਚ ਵਾਧਾ ਹੋਇਆ ਹੈ।