
ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵਲੋਂ ਚਾਲੂ ਪਿੜਾਈ ਸੀਜਨ 2018-19 ਦੌਰਾਨ ਹੁਣ ਤੱਕ 1,56,70,692 (1.56 ਕਰੋੜ) ਕੁਇੰਟਲ ਗੰਨੇ ਦੀ...
ਚੰਡੀਗੜ੍ਹ : ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵਲੋਂ ਚਾਲੂ ਪਿੜਾਈ ਸੀਜਨ 2018-19 ਦੌਰਾਨ ਹੁਣ ਤੱਕ 1,56,70,692 (1.56 ਕਰੋੜ) ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਗੰਨਾ ਕਾਸ਼ਤਕਾਰਾਂ ਨੂੰ ਹੁਣ ਤੱਕ 284 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਹ ਖ਼ੁਲਾਸਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਸ. ਰੰਧਾਵਾ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਲੋਂ 27 ਫਰਵਰੀ ਤੱਕ 1.56 ਕਰੋੜ ਕੁਇੰਟਲ ਗੰਨਾ ਪੀੜਿਆ ਗਿਆ ਹੈ ਅਤੇ ਮਿੱਲਾਂ ਦੀ ਔਸਤਨ ਔਨ ਡੇਟ ਖੰਡ ਦੀ ਰਿਕਵਰੀ 10.41 ਫੀਸਦੀ ਅਤੇ ਟੂ ਡੇਟ ਰਿਕਵਰੀ 9.84 ਫੀਸਦੀ ਦੀ ਦਰ ਨਾਲ ਚੱਲ ਰਹੀ ਹੈ ਜਿਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਰਧਾਰਤ 310 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬਣਦੀ ਕੁੱਲ ਅਦਾਇਗੀ 485.62 ਕਰੋੜ ਰੁਪਏ ਵਿਚੋਂ 284 ਕਰੋੜ ਰੁਪਏ ਦੀ ਅਦਾਇਗੀ ਖੰਡ ਮਿੱਲਾਂ ਵਲੋਂ ਅਪਣੇ ਪੱਧਰ 'ਤੇ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਅਦਾਇਗੀ ਦਾ ਕਰੀਬ 59 ਫ਼ੀ ਸਦੀ ਬਣਦਾ ਹੈ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਪਿੜਾਈ ਸੀਜ਼ਨ ਦੇ ਮੁਕਾਬਲੇ ਸਹਿਕਾਰੀ ਖੰਡ ਮਿੱਲਾਂ ਵਲੋਂ ਹੁਣ ਤੱਕ ਲਗਭੱਗ 25 ਕਰੋੜ ਰੁਪਏ ਦੀ ਕੀਮਤ ਦੀ ਖੰਡ ਦੀ ਵੱਧ ਪੈਦਾਵਾਰ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੜਾਈ ਸੀਜ਼ਨ 2018-19 ਦੌਰਾਨ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਜਲਦੀ ਅਦਾਇਗੀ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਪਿੜਾਈ ਸੀਜ਼ਨ 2017-18 ਦੀ ਬਕਾਇਆ ਰਾਸ਼ੀ 74.67 ਕਰੋੜ ਰੁਪਏ ਦੀ ਅਦਾਇਗੀ ਵੀ ਜਲਦੀ ਹੀ ਕੀਤੀ ਜਾ ਰਹੀ ਹੈ ਜਿਸ ਲਈ ਮੁੱਖ ਮੰਤਰੀ ਵਲੋਂ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਪਹਿਲਾਂ ਹੀ ਦਿਤੀ ਜਾ ਚੁੱਕੀ ਹੈ।
ਸ. ਰੰਧਾਵਾ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਸਬੰਧੀ ਵਚਨਬੱਧ ਹੈ ਅਤੇ ਸੂਬਾ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਨੂੰ ਵਧੇਰੇ ਝਾੜ ਤੇ ਵੱਧ ਖੰਡ ਦੀ ਮਾਤਰਾ ਵਾਲੀਆਂ ਗੰਨੇ ਦੀਆਂ ਨਵੀਆਂ ਕਿਸਮਾਂ ਉਪਲੱਬਧ ਕਰਵਾਉਣ ਅਤੇ ਗੰਨੇ ਦੀ ਖੇਤੀ ਸਬੰਧੀ ਨਵੀਂਆਂ ਤਕਨੀਕਾਂ ਸਬੰਧੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਗੰਨਾ ਖੋਜ ਕੇਂਦਰ ਸਥਾਪਤ ਕਰਨ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਸਬੰਧੀ ਫ਼ੈਸਲਾ ਕੀਤਾ ਜਾਵੇਗਾ।