
ਮਾਤਾ ਹਰਮਿੰਦਰ ਕੌਰ ਦੀਆਂ ਅਸਥੀਆਂ ਜ਼ਮੀਨ 'ਚ ਦੱਬ ਕੇ ਲਾਇਆ ਟਾਹਲੀ ਦਾ ਬੂਟਾ!
ਚੰਡੀਗੜ੍ਹ : ਮਨੁੱਖੀ ਸਮਾਜ ਅੰਦਰ ਜਨਮ-ਮਰਨ ਦੀਆਂ ਰਸਮਾਂ ਅਹਿਮ ਸਥਾਨ ਰਖਦੀਆਂ ਹਨ। ਭਾਰਤ ਵਰਸ਼ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜੋ ਇਨ੍ਹਾਂ ਰਹੁ-ਰੀਤਾਂ ਨੂੰ ਵਖੋਂ ਵੱਖਰੇ ਢੰਗ-ਤਰੀਕਿਆਂ ਨਾਲ ਨਿਭਾਉਂਦੇ ਹਨ। ਗੁਰਬਾਣੀ ਅੰਦਰ ਗੁਰੂ ਸਾਹਿਬ ਵਲੋਂ ਹਵਾਂ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਖ਼ਿਤਾਬ ਦਿਤਾ ਗਿਆ ਹੈ।
Photo
ਜੀਵਨ ਲਈ ਜ਼ਰੂਰੀ ਇਨ੍ਹਾਂ ਤਿੰਨੇ ਚੀਜ਼ਾਂ ਨੂੰ ਗੁਰਮਤਿ ਵਿਚ ਬੜੀ ਮਹੱਤਤਾ ਦਿਤੀ ਗਈ ਹੈ। ਹੁਣ ਜਦੋਂ ਹਵਾਂ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਣ ਰੂਪੀ ਗ੍ਰਹਿਣ ਲੱਗ ਚੁੱਕਾ ਹੈ ਤਾਂ ਜੀਵਨ ਦੀ ਹੋਂਦ ਬਚਾਉਣ ਖ਼ਾਤਰ ਇਨ੍ਹਾਂ ਦੀ ਸਲਾਮਤੀ ਲਈ ਹੰਭਲੇ ਮਾਰਨੇ ਵੀ ਸਾਡਾ ਸਭ ਦਾ ਵੱਡਾ ਫ਼ਰਜ਼ ਬਣਦਾ ਹੈ। ਇਸ ਲਈ ਜਨਮ ਮਰਨ ਦੀਆਂ ਰਹੁ-ਰੀਤਾਂ ਨੂੰ ਗੁਰ ਆਸ਼ੇ ਅਨੁਸਾਰ ਨੇਪਰੇ ਚਾੜ੍ਹਨਾ ਬਹੁਤ ਜ਼ਰੂਰੀ ਹੋ ਗਿਆ ਹੈ।
Photo
ਇਸ ਵੱਲ ਸਮੇਂ ਸਮੇਂ 'ਤੇ ਕੁੱਝ ਅਗਾਂਹਵਧੂ ਰੂਹਾਂ ਉਪਰਾਲੇ ਵੀ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਵਿਚ ਹੀ ਇਕ ਨਾਮ ਹੈ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਿਟਾਇਰ ਹੋਏ ਸਵ: ਡਾ. ਮਾਨ ਸਿੰਘ ਨਿਰੰਕਾਰੀ ਜੀ ਦਾ ਜਿਨ੍ਹਾਂ ਨੇ ਅੰਮ੍ਰਿਤਸਰ ਵਿਖੇ ਅਪਣੀ ਰਿਹਾਇਸ਼ ਸਮੇਂ ਸ਼ਹਿਰ 'ਚ ਮੁਰਦਾ ਸਰੀਰਾਂ ਦੇ ਸੰਸਕਾਰ ਲਈ ਬਿਜਲਈ ਭੱਠੀ ਲਗਵਾਉਣ ਲਈ ਉਪਰਾਲੇ ਕੀਤੇ ਸਨ। ਇੰਨਾ ਹੀ ਨਹੀਂ, ਚੰਡੀਗੜ੍ਹ ਵਿਚ ਰਹਿੰਦਿਆਂ ਅਪਣੇ ਅੰਤਿਮ ਸਮੇਂ ਵੀ ਉਨ੍ਹਾਂ ਨੇ ਚੰਡੀਗੜ੍ਹ 'ਚ ਬਿਜਲਈ ਭੱਠੀ ਲਗਾਉਣ ਅਤੇ ਚਾਲੂ ਕਰਵਾਉਣ ਤੋਂ ਇਲਾਵਾ ਅਪਣੀ ਧਰਮ ਪਤਨੀ ਅਤੇ ਖੁਦ ਦਾ ਅੰਤਿਮ ਸੰਸਕਾਰ ਬਿਜਲਈ ਭੱਠੀ 'ਚ ਕਰਨ ਦਾ ਉਪਰਾਲਾ ਕੀਤਾ ਸੀ।
Photo
ਉਨ੍ਹਾਂ ਨੇ ਸਾਲ 2008 ਵਿਚ ਅਪਣੀ ਧਰਮ ਪਤਨੀ ਦਾ ਅੰਤਿਮ ਸਸਕਾਰ ਬਿਜਲਈ ਭੱਠੀ ਜੋ ਕਾਫ਼ੀ ਸਮੇਂ ਤੋਂ ਬੰਦ ਪਈ ਸੀ, ਉਸ ਸਮੇਂ ਦੇ ਗਵਰਨਰ ਤਕ ਪਹੁੰਚ ਕਰ ਕੇ ਚਾਲੂ ਕਰਵਾ ਕੇ ਕੀਤਾ। ਸਾਲ 2010 ਵਿਚ ਉਨ੍ਹਾਂ ਦਾ ਖੁਦ ਦਾ ਅੰਤਿਮ ਸੰਸਕਾਰ ਵੀ ਉਨ੍ਹਾਂ ਦੀ ਅੰਤਿਮ ਮਨਸ਼ਾ ਅਨੁਸਾਰ ਬਿਜਲੀ ਭੱਠੀ ਵਿਚ ਹੀ ਕੀਤਾ ਗਿਆ ਸੀ। ਇਸ ਪਿਛੇ ਉਨ੍ਹਾਂ ਦਾ ਸੁਨੇਹਾ ਲੱਕੜਾਂ ਨਾਲ ਸੰਸਕਾਰ ਕਰਨ ਨਾਲ ਵੱਡੀ ਗਿਣਤੀ 'ਚ ਕੱਟੇ ਜਾ ਰਹੇ ਰੁੱਖਾਂ ਨੂੰ ਬਚਾਉਣਾ ਸੀ।
Photo
ਹੁਣ ਅਜਿਹਾ ਹੀ ਸੁਨੇਹਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਦੀਆਂ ਅੰਤਿਮ ਰਸਮਾਂ ਮੌਕੇ ਸਾਹਮਣੇ ਆਇਆ ਹੈ। ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮੰਦਰ ਕੌਰ ਦਾ ਦੇਹਾਂਤ ਬੀਤੇ ਦਿਨੀਂ ਹੋ ਗਿਆ ਸੀ। ਉਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਪਰਵਾਰ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਇਕੱਠੀਆਂ ਕਰਨ ਬਾਅਦ ਧਰਤੀ ਹੇਠ ਦੱਬ ਕੇ ਉਹ ਟਾਹਲੀ ਦਾ ਬੂਟਾ ਲਾ ਦਿਤਾ ਹੈ। ਇਸ ਤਰ੍ਹਾਂ ਜਿੱਥੇ ਪਰਵਾਰ ਨੇ ਪਾਣੀ ਨੂੰ ਸਵੱਛ ਰੱਖਣ ਦਾ ਸੁਨੇਹਾ ਦਿਤਾ ਹੈ ਉਥੇ ਰੁੱਖ ਲਾ ਕੇ ਹਵਾਂ ਦੀ ਸ਼ੁੱਧਤਾ ਅਤੇ ਰੁੱਖ ਦੇ ਰੂਪ ਵਿਚ ਮਾਤਾ ਹਰਮੰਦਰ ਕੌਰ ਦੀ ਯਾਦ ਨੂੰ ਸਦੀਵੀਂ ਰੂਪ ਦੇਣ ਦਾ ਉਪਰਾਲਾ ਕੀਤਾ ਹੈ।
Photo
ਜਾਣਕਾਰੀ ਅਨੁਸਾਰ ਪਿੰਡ ਬਾਦਲ ਦੇ ਸਮਸ਼ਾਨਘਾਟ ਵਿਚ ਅਸਥੀਆਂ ਚੁਗਣ ਦੀ ਰਸਮ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰ ਸੁਖਬੀਰ ਸਿੰਘ ਬਾਦਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਤੋਂ ਇਲਾਵਾ ਪੂਰਾ ਬਾਦਲ ਪਰਵਾਰ ਹਾਜ਼ਰ ਸੀ। ਟਾਹਲੀ ਦੇ ਇਸ ਰੁੱਖ ਦੀ ਦੇਖਭਾਲ ਸਮੂਹ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਜਾਵੇਗੀ। ਪਰਵਾਰ ਮੁਤਾਬਕ ਜਿੱਥੇ ਟਾਹਲੀ ਦਾ ਇਹ ਦਰੱਖਤ ਮਾਤਾ ਹਰਮਿੰਦਰ ਕੌਰ ਦੀ ਯਾਦ ਨੂੰ ਯਾਦ ਕਰਵਾਉਂਦੇ ਰਹੇਗਾ, ਉਥੇ ਵਾਤਾਵਰਣ ਅਤੇ ਪਾਣੀ ਨੂੰ ਪਲੀਤ ਨਾਲ ਕਰਨ ਦਾ ਸੁਨੇਹਾ ਵੀ ਸਾਬਤ ਹੋਵੇਗਾ।