
ਮੋਢੇ ’ਤੇ ਕਿਸਾਨੀ ਦਾ ਝੰਡਾ ਚੁਕ ਕੇ ਪਿੰਡ ਤੋਂ ਪੈਦਲ ਦਿੱਲੀ ਪਹੁੰਚਿਆ ਮਲਵਿੰਦਰ ਸਿੰਘ
ਨਵੀਂ ਦਿੱਲੀ, 19 ਮਾਰਚ (ਸ਼ੈਸ਼ਵ ਨਾਗਰਾ): ਖੇਤੀ ਕਾਨੂੰਨਾਂ ਵਿਰੁਧ ਦਿੱਲੀ ਬਾਰਡਰ ’ਤੇ ਜਾਰੀ ਕਿਸਾਨੀ ਸੰਘਰਸ਼ ਦੌਰਾਨ ਕਈ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਮਲਵਿੰਦਰ ਸਿੰਘ ਨਾਮ ਦਾ ਕਿਸਾਨ ਮੋਢੇ ’ਤੇ ਕਿਸਾਨੀ ਝੰਡਾ ਚੁਕ ਕੇ ਸਿੰਘੂ ਬਾਰਡਰ ਪਹੁੰਚਿਆ। ਇਸ ਤੋਂ ਬਾਅਦ ਇਸ ਕਿਸਾਨ ਨੇ ਅਪਣੇ ਪਿੰਡ ਤੋਂ ਸਿੰਘੂ ਬਾਰਡਰ ਦਾ ਸਫ਼ਰ ਪੈਦਲ ਤੈਅ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਮਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਅਜਿਹਾ ਕਰਨ ਪਿੱਛੇ ਦਾ ਮਕਸਦ ਸਰਕਾਰ ਨੂੰ ਸੁਨੇਹਾ ਦੇਣਾ ਹੈ। ਕਿਸਾਨ ਨੇ ਕਿਹਾ ਕਿ ਉਹ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਪੁੱਟ ਸਕਦੀ ਹੈ ਜਾਂ ਟਰੈਕਟਰ ਟਰਾਲੀਆਂ ਰੋਕਦੀ ਹੈ ਤਾਂ ਕਿਸਾਨ ਪੈਦਲ ਵੀ ਦਿੱਲੀ ਜਾ ਸਕਦੇ ਹਨ।
ਮਲਵਿੰਦਰ ਸਿੰਘ ਨੇ ਦਸਿਆ ਕਿ ਉਹ 22 ਦਸੰਬਰ ਨੂੰ ਲੁਧਿਆਣਾ ਵਿਚ ਸਥਿਤ ਅਪਣੇ ਪਿੰਡ ਮਨਸੂਰਾ ਤੋਂ ਪੈਦਲ ਦਿੱਲੀ ਲਈ ਨਿਕਲੇ ਸਨ ਤੇ ਉਹ 27 ਦਸੰਬਰ ਰਾਤ 11 ਵਜੇ ਦਿੱਲੀ ਸਿੰਘੂ ਬਾਰਡਰ ਪਹੁੰਚੇ। ਉਨ੍ਹਾਂ ਦਸਿਆ ਕਿ ਰਸਤੇ ਵਿਚ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿਤਾ। ਕਿਸਾਨ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿਚ ਲੋਕ ਸਾਈਕਲ ’ਤੇ ਸਵਾਰ ਹੋ ਕੇ ਤੀਰਥ ਅਸਥਾਨਾਂ ਦੀ ਯਾਤਰਾ ਲਈ ਜਾਂਦੇ ਹਨ ਪਰ ਦਿੱਲੀ ਬਾਰਡਰ ’ਤੇ ਬਣੇ ਤੀਰਥ ਤੋਂ ਵੱਡਾ ਕੋਈ ਤੀਰਥ ਨਹੀਂ। ਇੱਥੇ ਹਰ ਧਰਮ ਦੇ ਲੋਕ ਸ਼ਾਮਲ ਹਨ। ਮਲਵਿੰਦਰ ਸਿੰਘ ਨੇ ਕਿਹਾ ਜਦੋਂ ਤਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਬਾਰਡਰ ਖ਼ਾਲੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਗਰਮੀਆਂ ਅਤੇ ਕਟਾਈ ਦੇ ਮੌਸਮ ਵਿਚ ਵੀ ਕਿਸਾਨ ਡਟੇ ਰਹਿਣਗੇ।
delhi 1
delhi 2