
ਸੰਨੀ ਦਿਓਲ ਦੀ ਬੀਜੇਪੀ ਵੱਲੋਂ ਚੋਣ ਲੜਨ ਦੀ ਜਤਾਈ ਜਾ ਰਹੀ ਹੈ ਸੰਭਾਵਨਾ
ਅੰਮ੍ਰਿਤਸਰ: ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਬਾਲੀਵੁੱਡ ਦੇ ਸਟਾਰ ਸੰਨੀ ਦਿਓਲ ਦੀ ਫੋਟੋ ਵਾਇਰਲ ਹੋ ਰਹੀ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸੰਨੀ ਦਿਓਲ ਨੂੰ ਬੀਜੇਪੀ ਅੰਮ੍ਰਿਤਸਰ ਤੋਂ ਉਮੀਦਵਾਰ ਖੜ੍ਹਾ ਕਰ ਸਕਦੀ ਹੈ। ਦੋਵਾਂ ਦੀ ਇਹ ਮੁਲਾਕਾਤ ਪੁਣੇ ਵਿਚ ਹੋਈ ਦੱਸੀ ਜਾ ਰਹੀ ਹੈ। ਸੰਨੀ ਦਿਓਲ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਚਰਚਾ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਪਰ ਪਾਰਟੀ ਵੱਲੋਂ ਇਸ ਸਬੰਧ ਵਿਚ ਪੰਜਾਬ ਵਿਚ ਕੋਈ ਸੰਕੇਤ ਨਹੀਂ ਦਿੱਤੇ ਗਏ।
Sunny Deol
ਪੰਜਾਬ ਵਿਚ ਅਪਣੇ ਕੋਟੇ ਦੀਆਂ ਤਿੰਨ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਬੀਜੇਪੀ ਨੇ ਹੁਣ ਤੱਕ ਅਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਇਹ ਤਾਂ ਬੀਜੇਪੀ ਹੀ ਜਾਣਦੀ ਹੈ ਕਿ ਉਹ ਅਪਣੇ ਉਮੀਦਵਾਰਾਂ ਦੇ ਨਾਮ ਕਿਉਂ ਨਹੀਂ ਐਲਾਨ ਰਹੀ। ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਨਾ ਕਰਨ 'ਤੇ ਇਕੱਲੀ ਭਾਜਪਾ ਹੀ ਨਹੀਂ ਸਗੋਂ ਵਿਰੋਧੀਆਂ ਵਿਚ ਵੀ ਇਸ ਦੀ ਬੇਸਬਰੀ ਛਾਈ ਹੋਈ ਹੈ। ਆਮ ਆਮਦੀ ਪਾਰਟੀ ਨੇ ਫਰਵਰੀ ਵਿਚ ਹੀ ਕੁਲਦੀਪ ਸਿੰਘ ਧਾਲੀਵਾਲ ਨੂੰ ਐਲਾਨ ਦਿੱਤਾ ਸੀ।
Gurjeet Singh Aujla
ਪੰਜਾਬ ਡੈਮੋਕ੍ਰੈਟਿਕ ਐਲਾਂਇਸ ਨੇ ਕਾਮਰੇਡ ਦਸਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਲੋਕ ਸਭਾ ਸੀਟਾਂ 'ਤੇ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਵਿਚ ਹੁੰਦਾ ਰਿਹਾ ਹੈ। ਇਸ ਲਈ ਬੀਜੇਪੀ ਦੇ ਉਮੀਦਵਾਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਸੀਟ ਦੇ ਨੌਂ ਹਲਕਿਆਂ ਵਿਚੋਂ ਅੱਠ 'ਤੇ ਕਾਂਗਰਸ ਵਿਧਾਇਕ ਹਨ। 2014 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਤਲੀ ਨੂੰ 102770 ਵੋਟਾਂ ਨਾਲ ਹਰਾਇਆ ਸੀ।
Lok Sabha Elections
ਕੈਪਟਨ ਦੇ ਸੀਐਮ ਬਣਨ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਬੀਜੇਪੀ ਦੇ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ। ਇੱਕ ਅਪ੍ਰੈਲ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਔਜਲਾ ਫਿਰ ਤੋਂ ਚੋਣ ਮੈਦਾਨ ਵਿਚ ਉੱਤਰੇ ਹਨ ਪਰ ਹੁਣ ਵੀ ਉਹ ਇਕੱਲੇ ਹੀ ਨਜ਼ਰ ਆ ਰਹੇ ਹਨ। ਹੁਣ ਉਹਨਾਂ ਨੂੰ ਕਾਂਗਰਸ ਦੇ ਦਿਗ਼ਜ ਆਗੂਆਂ ਦੇ ਬਰਾਬਰ ਚਲਣਾ ਹੋਵੇਗਾ ਪਰ ਉਹ ਅਜੇ ਵੀ ਸ਼ਾਂਤ ਹੀ ਬੈਠੇ ਹਨ। ਸ਼ਾਇਦ ਔਜਲਾ ਵੀ ਅਪਣੀ ਰਣਨੀਤੀ ਤਿਆਰ ਕਰਨ ਤੋਂ ਪਹਿਲਾਂ ਵਿਰੋਧੀਆਂ ਦੇ ਉਮੀਦਵਾਰ ਦਾ ਇੰਤਜ਼ਾਰ ਕਰ ਰਿਹਾ ਹੈ।
Lok Sabha Elections
ਔਜਲਾ 23 ਅਪ੍ਰੈਲ ਨੂੰ ਨਾਮਜ਼ਦਗੀ ਦਾਖਿਲ ਕਰਾਉਣ ਜਾ ਰਹੇ ਹਨ। ਨਾਮਜ਼ਦਗੀ ਸਮੇਂ ਉਹਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਸਮੇਤ ਸਥਾਨਕ ਆਗੂਆਂ ਦੇ ਨਾਲ ਰਹਿਣ ਦੀ ਸੰਭਾਵਨਾ ਹੈ। ਸਿਆਸਤ ਵਿਚ ਚਰਚਾ ਹੋ ਰਹੀ ਹੈ ਕਿ ਬੀਜੇਪੀ ਅਪਣੇ ਉਮੀਦਵਾਰ ਦਾ ਐਲਾਨ ਸ਼ਾਇਦ ਔਜਲੇ ਦੀ ਨਾਮਜ਼ਦਗੀ ਤੋਂ ਬਾਅਦ ਹੀ ਕਰੇਗੀ ਤਾਂ ਕਿ ਕਾਂਗਰਸ ਅਪਣਾ ਉਮੀਦਵਾਰ ਨਾ ਬਦਲ ਸਕੇ।