
ਬਰਨਾਲਾ ਦੇ ਸੇਖਾ ਰੋਡ ਨਾਲ ਸਬੰਧਤ ਔਰਤ ਨੇ ਕੋਰੋਨਾ ਵਾਇਰਸ ਵਿਰੁਧ ਜੰਗ ਜਿੱਤ ਲਈ ਹੈ। ਇਸ ਔਰਤ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਛੁੱਟੀ ਮਿਲਣ
ਬਰਨਾਲਾ, 19 ਅਪ੍ਰੈਲ (ਗਰੇਵਾਲ): ਬਰਨਾਲਾ ਦੇ ਸੇਖਾ ਰੋਡ ਨਾਲ ਸਬੰਧਤ ਔਰਤ ਨੇ ਕੋਰੋਨਾ ਵਾਇਰਸ ਵਿਰੁਧ ਜੰਗ ਜਿੱਤ ਲਈ ਹੈ। ਇਸ ਔਰਤ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਛੁੱਟੀ ਮਿਲਣ ਮਗਰੋਂ ਬਰਨਾਲਾ ਸਿਵਲ ਹਸਪਤਾਲ ਤੋਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਘਰ ਭੇਜਿਆ ਗਿਆ। ਸਿਵਲ ਹਸਪਤਾਲ ਬਰਨਾਲਾ ’ਚ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਸਿਹਤ ਅਮਲੇ ਵਲੋਂ ਅੱਜ ਰਾਧਾ ਰਾਣੀ (44) ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਡਿਪਟੀ ਕਮਿਸ਼ਨਰ ਵਲੋਂ ਸਿਹਤ ਅਮਲੇ ਨੂੰ ਵੀ ਵਧਾਈ ਦਿਤੀ ਗਈ।
File photo
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਹ ਬਰਨਾਲਾ ਵਾਸੀਆਂ ਲਈ ਸੁਖਦ ਖ਼ਬਰ ਹੈ ਅਤੇ ਸਾਰਿਆਂ ਦੇ ਸਹਿਯੋਗ ਅਤੇ ਮਿਹਨਤ ਦਾ ਨਤੀਜਾ ਹੈ ਜਿਸ ਬਦੌਲਤ ਇਸ ਔਰਤ ਨੇ ਕੋਰੋਨਾ ਵਿਰੁਧ ਜੰਗ ਜਿੱਤ ਲਈ ਹੈ। ਇਸ ਮੌਕੇ ਰਾਧਾ ਰਾਣੀ ਨੇ ਆਖਿਆ ਕਿ ਸਭ ਤੋਂ ਜ਼ਰੂਰੀ ਮਜ਼ਬੂਤ ਇੱਛਾ ਸ਼ਕਤੀ ਹੈ ਜਿਸ ਨਾਲ ਇਹ ਜੰਗ ਜਿੱਤੀ ਜਾ ਸਕਦੀ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ 89 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 2 ਪਾਜ਼ੇਟਿਵ ਆਏ ਸਨ। ਇਨ੍ਹਾਂ ਵਿਚੋਂ ਇਕ ਮਰੀਜ਼ ਦੀ ਲੁਧਿਆਣਾ ਹਸਪਤਾਲ ਵਿਚ ਮੌਤ ਹੋ ਗਈ ਸੀ ਤੇ ਦੂਜਾ ਮਰੀਜ਼ ਸਿਹਤਯਾਬ ਹੋ ਗਿਆ ਹੈ।
ਇਸ ਤੋਂ ਇਲਾਵਾ 13 ਸੈਂਪਲਾਂ ਦੀ ਰੀਪੋਰਟ ਅਜੇ ਪੈਂਡਿੰਗ ਹੈ ਜਿਨ੍ਹਾਂ ਵਿਚੋਂ 8 ਦੁਬਾਰਾ ਭੇਜੇ ਗਏ ਹਨ। 75 ਵਿਅਕਤੀ ਘਰਾਂ ਵਿਚ ਏਕਾਂਤਵਾਸ ਕੀਤੇ ਹੋਏ ਹਨ। ਇਸ ਮੌਕੇ ਐਸਐਮਓ ਡਾ. ਤਪਿੰਦਰਜੋਤ ਕੌਸ਼ਲ, ਡਾ. ਮਨਪ੍ਰੀਤ ਸਿੰਘ (ਮੈਡੀਕਲ ਮਾਹਰ), ਡਾ. ਰਜਿੰਦਰ ਸਿੰਗਲਾ, ਡਾ. ਮੁਨੀਸ਼, ਡਾ. ਅਰਮਾਨਦੀਪ ਸਿੰਘ, ਸ੍ਰੀਮਤੀ ਕਵਿਤਾ, ਨਰਸ ਗੁਰਮੇਲ ਕੌਰ, ਬਲਜੀਤ ਕੌਰ, ਸਟਾਫ਼ ਨਰਸ ਬਲਰਾਜ ਕੌਰ, ਹਰਪਾਲ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ, ਨਰਿੰਦਰ ਕੌਰ ਆਦਿ ਹਾਜ਼ਰ ਸਨ।