
ਲੁਧਿਆਣਾ ਪੁਲਿਸ ਵਲੋਂ ਸ਼ਹਿਰ ਦੇ ਅਲੱਗ-ਅਲੱਗ ਥਾਣਿਆਂ ’ਚ 13 ਵਿਅਕਤੀਆਂ ਵਿਰੁਧ ਕਰਫ਼ਿਊ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ
ਲੁਧਿਆਣਾ, 19 ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ): ਲੁਧਿਆਣਾ ਪੁਲਿਸ ਵਲੋਂ ਸ਼ਹਿਰ ਦੇ ਅਲੱਗ-ਅਲੱਗ ਥਾਣਿਆਂ ’ਚ 13 ਵਿਅਕਤੀਆਂ ਵਿਰੁਧ ਕਰਫ਼ਿਊ ਦੀ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵਲੋਂ ਜਨਤਾ ਅਤੇ ਦੁਕਾਨਦਾਰਾਂ ਨੂੰ ਕਰਫ਼ਿਊ ਸਬੰਧੀ ਲਗਾਈਆਂ ਗਈਆਂ ਸ਼ਰਤਾਂ ਅਤੇ ਨਿਯਮਾਂ ਤੋਂ ਪਹਿਲਾਂ ਹੀ ਜਗਰੂਕ ਕੀਤਾ ਗਿਆ ਸੀ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਬਾਵਜੂਦ ਕੁਝ ਲੋਕ ਪੁਲਿਸ ਪ੍ਰਸ਼ਾਸਨ ਵਲੋਂ ਦਿਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਨਾ ਕਰ ਕੇ ਉਹ ਅਪਣੇ ਪਰਵਾਰ ਅਤੇ ਅਪਣੇ ਆਪ ਨੂੰ ਖਤਰੇ ਵਿਚ ਪਾ ਰਹੇ ਹਨ।
ਸ਼ਹਿਰ ਵਿਚ ਕਈ ਲੋਕ ਸੜਕਾਂ ’ਤੇ ਸ਼ਰੇਆਮ ਘੁੰਮਣ ਅਤੇ ਦੁਕਾਨਾਂ ਖੋਲ੍ਹ ਕੇ ਸਮਾਨ ਵੇਚ ਰਹੇ ਹਨ ਅਤੇ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਮੁਲਜ਼ਮ ਕਾਬੂ ਕੀਤੇ ਹਨ। ਥਾਣਾ ਸ਼ਿਮਲਾਪੁਰੀ ’ਚ ਪੁਲਿਸ ਨੇ ਮੁਲਜ਼ਮ ਅਮਨਦੀਪ ਸਿੰਘ ਵਾਸੀ ਖਾਨਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਪਦੀ ਅਤੇ ਥਾਣਾ ਹੈਬੋਵਾਲ ਪੁਲਿਸ ਨੇ ਵਿਨੇਧ ਕੁਮਾਰ ਵਾਸੀ ਚੰਦਰ ਨਗਰ, ਰਮੇਸ਼ ਚੰਦ ਵਾਸੀ ਹੈਬੋਵਾਲ, ਥਾਣਾ ਡਵੀਜ਼ਨ 8 ਪੁਲਿਸ ਨੇ ਪ੍ਰੇਮ ਵਾਸੀ ਫੁਆਰਾ ਚੌਕ, ਥਾਣਾ ਮੋਤੀ ਨਗਰ ਪੁਲਿਸ ਵਲੋਂ ਰਜਿੰਦਰ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੋਰ ਨਾਮਾਲੂਮ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲੇ ਦਰਜ ਕੀਤੇ ਗਏ।