
ਸ੍ਰ. ਜੋਗਿੰਦਰ ਸਿੰਘ ਨਾਲ ਖੁਦ ਕੀਤੀਆਂ ਸਨ ਉਸ ਨੇ ਮਨ ਦੀਆਂ ਗੱਲਾਂ ਸਾਂਝੀਆਂ!
ਕੋਟਕਪੂਰਾ, 19 ਅਪੈ੍ਰਲ (ਗੁਰਿੰਦਰ ਸਿੰਘ) : ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਅਪਣੇ ਜਿਉਂਦੇ ਜੀਅ ਮੁਕੰਮਲ ਚਾਲੂ ਹੁੰਦਾ ਦੇਖਣ ਦੀ ਰੀਝ ਅਪਣੇ ਮਨ ’ਚ ਨਾਲ ਹੀ ਲੈ ਕੇ ਸਦੀਵੀ ਵਿਛੋੜਾ ਦੇ ਗਿਆ ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਦਾ ਬੇਟਾ ਗੁਰਕੰਵਲ ਸਿੰਘ, ਜੋ ਸਪੋਕਸਮੈਨ ਟਰੱਸਟ ਵਲੋਂ ਸ਼ੁਰੂ ਕੀਤੀ ਗਈ ਲੱਖਦਾਤਾ ਸਕੀਮ ਦਾ ਪਹਿਲਾ ਮੈਂਬਰ ਸੀ।
ਲਗਭਗ 5 ਸਾਲ ਪਹਿਲਾਂ ਜਦੋਂ ਰੋਜਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ੍ਰ ਜੋਗਿੰਦਰ ਸਿੰਘ ਖੁਦ ਕਾਕਾ ਗੁਰਕੰਵਲ ਸਿੰਘ ਦਾ ਹਾਲ ਚਾਲ ਜਾਣਨ ਲਈ ਇੰਜ. ਮਿਸ਼ਨਰੀ ਦੇ ਘਰ ਫਰੀਦਕੋਟ ਵਿਖੇ ਪੁੱਜੇ ਤਾਂ ਕਾਕਾ ਗੁਰਕੰਵਲ ਸਿੰਘ ਨੇ ਅਪਣੇ ਦਿਲ ਦੀ ਇੱਛਾ ਸਾਂਝੀ ਕਰਦਿਆਂ ਸ੍ਰ ਜੋਗਿੰਦਰ ਸਿੰਘ ਨਾਲ ਉਨਾਂ ਦੀਆਂ ਸੰਪਾਦਕੀਆਂ, ਨਿੱਜੀ ਡਾਇਰੀ ਦੇ ਪੰਨੇ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਮੁਕੰਮਲ ਹੋਣ ’ਚ ਪੈ ਰਹੇ ਅੜਿੱਕਿਆਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ।
File photo
ਇੰਜ. ਮਿਸ਼ਨਰੀ ਦੇ ਸਮੁੱਚੇ ਪਰਵਾਰ ਸਮੇਤ ਸਪੋਕਸਮੈਨ ਦੇ ਮੈਨੇਜਰ ਭੁਪਿੰਦਰ ਸਿੰਘ ਵਾਲੀਆ, ਯਾਦਵਿੰਦਰ ਸਿੰਘ ਸਿੱਧੂ ਸਰਪੰਚ ਅਤੇ ਸਥਾਨਕ ਪੱਤਰਕਾਰ ਵੀ ਇਸ ਮੌਕੇ ਹਾਜ਼ਰ ਸਨ। ਕਾਕਾ ਗੁਰਕੰਵਲ ਸਿੰਘ ਦੀ ਯਾਦਦਾਸ਼ਤ ਤੇਜ ਹੋਣ ਕਰ ਕੇ ਮਾਸਿਕ ਸਪੋਕਸਮੈਨ ਤੋਂ ਰੋਜਾਨਾ ਸਪੋਕਸਮੈਨ ਬਣਨ ਅਤੇ ‘ਉੱਚਾ ਦਰ..’ ਦੀ ਸ਼ੁਰੂਆਤ ਤੋਂ ਪਹਿਲਾਂ ਪੰਥ ਦੇ ਅਖੌਤੀ ਠੇਕੇਦਾਰਾਂ ਵਲੋਂ ਕੀਤੀ ਆਰਥਿਕ ਨਾਕਾਬੰਦੀ ਅਤੇ ਸਪੋਕਸਮੈਨ ਪਰਵਾਰ ਨਾਲ ਕੀਤੀਆਂ ਜਿਆਦਤੀਆਂ ਦੀ ਚਰਚਾ ਵੀ ਛੇੜੀ।
ਉਸ ਨੇ ਦਾਅਵਾ ਕੀਤਾ ਕਿ ‘ਉੱਚਾ ਦਰ..’ ਸ਼ੁਰੂ ਹੋਣ ਨਾਲ ਜਿਥੇ ਬਾਬੇ ਨਾਨਕ ਦਾ ਅਸਲ ਫਲਸਫ਼ਾ ਦੁਨੀਆਂ ਦੇ ਕੋਨੇ ਕੋਨੇ ਤਕ ਪੁੱਜੇਗਾ, ਉੱਥੇ ਪੰਥ ਦੇ ਅਖੌਤੀ ਠੇਕੇਦਾਰਾਂ ਦੀਆਂ ਆਪ ਹੁਦਰੀਆਂ ਵੀ ਭੁੱਲ ਜਾਣਗੀਆਂ ਤੇ ਉਕਤ ਠੇਕੇਦਾਰਾਂ ਦੇ ਕੂੜ ਪ੍ਰਚਾਰ ਦਾ ਜਵਾਬ ਵੀ ਉਨਾਂ ਨੂੰ ਆਪੇ ਮਿਲ ਜਾਵੇਗਾ। ਸ੍ਰ ਜੋਗਿੰਦਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਬਾਬੇ ਨਾਨਕ ਦੀ ਕਿ੍ਰਪਾ ਨਾਲ ਤੁਹਾਡੇ ਜਿਉਂਦੇ ਜੀਅ ‘ਉੱਚਾ ਦਰ..’ ਸ਼ੁਰੂ ਹੋਵੇਗਾ ਅਤੇ ਉਸਦੇ ਉਦਘਾਟਨ ਮੌਕੇ ਤੁਹਾਨੂੰ ਵੀ ਵਿਸ਼ੇਸ਼ ਤੌਰ ’ਤੇ ਉੱਥੇ ਲੈ ਕੇ ਜਾਵਾਂਗੇ। ਜਿਕਰਯੋਗ ਹੈ ਕਿ ਇੰਜ. ਬਲਵਿੰਦਰ ਸਿੰਘ ਮਿਸ਼ਨਰੀ ਦੇ ਸਾਰੇ ਪਰਵਾਰ ਨੇ ਬੱਚਿਆਂ ਸਮੇਤ ‘ਉੱਚਾ ਦਰ..’ ਦੀ ਮੈਂਬਰਸ਼ਿਪ ਹਾਸਲ ਕੀਤੀ ਹੋਈ ਹੈ।