
ਕੋਰੋਨਾ ਦਾ ਕਹਿਰ ਜਾਰੀ : ਦੇਸ਼ ਵਿਚ ਇਕ ਦਿਨ ਵਿਚ ਰਿਕਾਰਡ 2,73,810 ਨਵੇਂ ਮਾਮਲੇ
1619 ਲੋਕਾਂ ਦੀ ਮੌਤ, ਪੀੜਤਾਂ ਦੀ ਕੁਲ ਗਿਣਤੀ ਡੇਢ ਕਰੋੜ ਤੋਂ ਪਾਰ
ਨਵੀਂ ਦਿੱਲੀ, 19 ਅਪ੍ਰੈਲ : ਭਾਰਤ ਵਿਚ ਕੋਰੋਨਾ ਦੇ ਇਕ ਦਿਨ ਵਿਚ ਰਿਕਾਰਾਡ 2,73,810 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦੇ ਕੁਲ ਮਾਮਲੇ 1.50 ਕਰੋੜ ਤੋਂ ਪਾਰ ਪਹੁੰਚ ਗਏ | ਕਰੀਬ 25 ਲੱਖ ਨਵੇਂ ਮਾਮਲੇ ਬੀਤੇ ਮਹਿਜ਼ 15 ਦਿਨ ਅੰਦਰ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ, ਦੇਸ਼ ਵਿਚ ਉਪਚਾਰ ਅਧੀਨ ਮਰੀਜ਼ਾਂ ਦੀ ਗਿਣਤੀ ਵੀ 19 ਲੱਖ ਤੋਂ ਜ਼ਿਆਦਾ ਹੈ | ਜਿਥੇ ਪਿਛਲੇ ਸੋਮਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ 1.35 ਕਰੋੜ ਤੋਂ ਵੱਧ ਸੀ, ਉੱਥੇ ਹੀ ਅੱਜ ਭਾਵ ਸੋਮਵਾਰ ਸਵੇਰ ਤਕ ਪੀੜਤਾਂ ਦੀ ਗਿਣਤੀ 1.50 ਕਰੋੜ ਤੋਂ ਪਾਰ ਪਹੁੰਚ ਗਈ ਹੈ | ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਇਕ ਕਰੋੜ 50 ਲੱਖ 16 ਹਜ਼ਾਰ 919 ਹੋ ਗਈ ਹੈ | ਉੱਥੇ ਹੀ ਇਸ ਦੌਰਾਨ ਰਿਕਾਰਡ 1,44,178 ਮਰੀਜ਼ ਸਿਹਤਯਾਬ ਹੋਏ ਹਨ | ਇਸ ਬੀਮਾਰੀ ਦੇ ਨਾਲ ਹੁਣ ਤਕ 1,29,53,821 ਮਰੀਜ਼ ਠੀਕ ਹੋ ਚੁਕੇ ਹਨ |
ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲੇ 19 ਲੱਖ ਨੂੰ ਪਾਰ ਕਰ ਕੇ 19,29,329 ਹੋ ਗਏ ਹਨ | ਇਸੇ ਮਿਆਦ ਵਿਚ 1619 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾਂ ਵੱਧ ਕੇ 1,78,769 ਹੋ ਗਿਆ ਹੈ | ਜਦੋਂ ਕਿ ਹੁਣ ਤਕ 12,38,52,566 ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁਕਿਆ ਹੈ | ਦੇਸ਼ 'ਚ ਰਿਕਵਰੀ ਦਰ ਘੱਟ ਕੇ 86 ਫ਼ੀਸਦ ਅਤੇ ਸਰਗਰਮ ਮਾਮਲਿਆਂ ਦੀ ਦਰ ਵੱਧ ਕੇ 12.81 ਫ਼ੀ ਸਦ ਹੋ ਗਈ ਹੈ ਪਰ ਮੌਤ ਦਰ ਘੱਟ 1.19 ਫ਼ੀ ਸਦ ਰਹਿ ਗਈ ਹੈ | (ਪੀ.ਟੀ.ਆਈ)