
ਸਤਲੁਜ-ਯਮੁਨਾ ਨਹਿਰ ਦੇ ਮੁੱਦੇ 'ਤੇ 'ਆਪ' ਆਗੂਆਂ ਵਿਚਕਾਰ ਬਣਿਆ ਟਕਰਾਅ
ਦਿੱਲੀ ਦੇ ਆਗੂ ਪਾਣੀ ਹਰਿਆਣਾ 'ਚ ਲਿਜਾਣ ਦੇ ਹੱਕ 'ਚ, ਪੰਜਾਬ ਵਾਲੇ ਪਾਰਟੀ ਪਲੇਟਫ਼ਾਰਮ 'ਤੇ ਚੁਕਣਗੇ ਮੁੱਦਾ
ਚੰਡੀਗੜ੍ਹ, 19 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਵਿਚ ਪੰਜਾਬ ਅਤੇ ਹਰਿਆਣਾ ਦੇ ਹਿਤਾਂ ਨੂੰ ਲੈ ਕੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ | ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਵੱਡਾ ਬਿਆਨ ਦਿਤਾ ਹੈ ਕਿ ਹਰਿਆਣਾ ਵਿਚ ਸਰਕਾਰ ਬਣਨ 'ਤੇ ਐਸਵਾਈਐਲ ਦਾ ਪਾਣੀ ਹਰਿਆਣਾ ਵਿਚ ਲਿਆਂਦਾ ਜਾਵੇਗਾ | ਦੂਜੇ ਪਾਸੇ ਪੰਜਾਬ ਵਿਚ ਪਾਰਟੀ ਦੇ ਬੁਲਾਰੇ ਸੰਨੀ ਆਹਲੂਵਾਲੀਆ ਨੇ ਕਿਹਾ ਹੈ ਕਿ ਇਹ ਮੁੱਦਾ ਪਾਰਟੀ ਪਲੇਟਫ਼ਾਰਮ 'ਤੇ ਉਠਾਇਆ ਜਾਵੇਗਾ ਕਿ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ | ਇਸ ਮੁੱਦੇ 'ਤੇ ਜਿਥੇ ਦੂਜੀਆਂ ਪਾਰਟੀਆਂ ਨੇ ਇਸ ਬਿਆਨ ਨੂੰ ਕਰੜੇ ਹੱਥੀਂ ਲਿਆ ਹੈ, ਉਥੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਰਕ ਮਤਭੇਦ ਪੈਦਾ ਹੋ ਗਏ ਹਨ |
ਸਤਲੁਜ ਜਮੁਨਾ ਲਿੰਕ ਨਹਿਰ (ਐਸਵਾਈਐਲ) 'ਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਹਰਿਆਣਾ ਦੇ ਲੋਕਾਂ ਨੂੰ ਐਸਵਾਈਐਲ ਦੀ ਗਰੰਟੀ ਤਕ ਦੇ ਦਿਤੀ ਹੈ | ਸੁਸ਼ੀਲ ਗੁਪਤਾ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਬਣਨ 'ਤੇ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਮਿਲੇਗਾ | ਇੰਨਾ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰ ਪਿੰਡ 'ਚ ਨਹਿਰ ਦਾ ਪਾਣੀ ਪਹੁੰਚੇਗਾ ਅਤੇ ਸੂਬੇ ਦੇ ਹਰ ਖੇਤ ਨੂੰ ਪਾਣੀ ਮਿਲੇਗਾ | ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਐਸਵਾਈਐਲ ਦਾ ਹੱਲ ਹੀ ਨਹੀਂ ਚਾਹੁੰਦੀ | ਉਨ੍ਹਾਂ ਕਿਹਾ ਕਿ ਇਸ ਦਾ ਹੱਲ ਵੀ ਆਮ ਆਦਮੀ ਪਾਰਟੀ ਕਰੇਗੀ | ਇਸ ਤੋਂ ਪਹਿਲਾਂ ਗੁਪਤਾ ਨੇ ਦਾਅਵਾ ਕੀਤਾ ਸੀ ਕਿ 2024 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ
ਬਣੇਗੀ ਤੇ ਦਿੱਲੀ ਵਾਂਗ ਹਰਿਆਣਾ ਵਿਚ ਚੰਗੇ ਸਕੂਲ, ਚੰਗੀ ਸਿਖਿਆ, ਹਸਪਤਾਲ ਤੇ ਮੁਫ਼ਤ ਬਿਜਲੀ ਦੀ ਸਹੁਲਤ ਮਿਲੇਗੀ | ਇਹ ਸਹੂਲਤ ਪੰਜਾਬ ਵਿਚ ਵੀ ਹੈ ਤੇ ਹਰਿਆਣਾ ਵਿਚ ਵੀ ਲਾਗੂ ਕੀਤਾ ਜਾਵੇਗਾ |
ਸੁਸ਼ੀਲ ਗੁਪਤਾ ਦੇ ਇਸ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਡਾਕਟਰ ਸੰਨੀ ਆਲੂਵਾਲੀਆ ਨੇ ਕਿਹਾ ਕਿ ਪੰਜਾਬ 'ਚ ਪਾਣੀ ਦੀ ਪਹਿਲਾ ਹੀ ਕਮੀ ਹੈ | ਉਨ੍ਹਾਂ ਕਿਹਾ ਕਿ ਜੇ ਪਾਣੀ ਵਾਧੂ ਹੋਵੇ ਤਾਂ ਹੀ ਹੋਰ ਸੂਬਿਆਂ ਨੂੰ ਦਿਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀ ਦੀ ਲੋੜ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪਾਰਟੀ ਪਲੇਟਫ਼ਾਰਮ ਰਾਹੀਂ ਸੁਸ਼ੀਲ ਗੁਪਤਾ ਨਾਲ ਗੱਲਬਾਤ ਕਰਾਂਗੇ ਤੇ ਪੁਛਾਂਗੇ ਕਿ ਉਨ੍ਹਾਂ ਦੇ ਬਿਆਨ ਦਾ ਕੀ ਆਧਾਰ ਹੈ?