
ਮੈਂ ਨੋਟਿਸ ਦਾ ਜਵਾਬ ਨਹੀਂ ਦਿਤਾ ਅਤੇ ਅਨੁਸ਼ਾਸਨੀ ਕਮੇਟੀ ਨੇ ਜੋ ਫ਼ੈਸਲਾ ਕਰਨਾ ਹੈ ਕਰ ਲਵੇ : ਜਾਖੜ
ਅਨੁਸ਼ਾਸਨੀ ਕਮੇਟੀ ਦੇ ਸਕੱਤਰ ਤਾਰਿਕ ਅਨਵਰ ਨੇ ਕਿਹਾ, ਇਕ ਦਿਨ 'ਚ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ
ਚੰਡੀਗੜ੍ਹ, 19 ਅ੍ਰਪੈਲ (ਗੁਰਉਪਦੇਸ਼ ਭੁੱਲਰ): ਜਿਥੇ ਇਕ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾਂ ਹੀ ਲਗਾਤਾਰ ਪਾਰਟੀ ਦੇ ਕਈ ਸਾਬਕਾ ਵਿਧਾਇਕਾਂ ਨੂੰ ਨਾਲ ਲੈ ਕੇ ਅਪਣੀ ਵਖਰੀ ਮੁਹਿੰਮ ਚਲਾ ਰਹੇ ਹਨ ਉਥੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇਕ ਹੋਰ ਸਾਬਕਾ ਸੂਬਾ ਪ੍ਰਧਾਨ ਅਤੇ ਪ੍ਰਮੁੱਖ ਆਗੂ ਸੁਨੀਲ ਜਾਖੜ ਵੀ ਪੂਰੀ ਤਰ੍ਹਾਂ ਬਾਗ਼ੀ ਤੇਵਰ ਪਾਰਟੀ ਹਾਈਕਮਾਨ ਨੂੰ ਦਿਖਾ ਰਹੇ ਹਨ |
ਕਾਂਗਰਸ ਦੀ ਏ.ਕੇ. ਐਨਟੋਨੀ ਦੀ ਅਗਵਾਈ ਵਾਲੀ ਕੇਂਦਰੀ ਅਨੁਸ਼ਾਸਨੀ ਕਮੇਟੀ ਵਲੋਂ ਜਾਖੜ ਨੂੰ ਪਾਰਟੀ ਨੂੰ ਅਨੁਸ਼ਾਸਨ ਤੋੜਨ ਦੇ ਦੋਸ਼ਾਂ ਵਿਚ ਦਿਤੇ ਕਾਰਨ ਦੱਸੋ ਨੋਟਿਸ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ | ਅਨੁਸ਼ਾਸਨੀ ਕਮੇਟੀ ਦੇ ਸਕੱਤਰ ਤਾਰਿਕ ਅਨਵਰ ਨੇ ਅੱਜ ਕਿਹਾ ਕਿ ਜਾਖੜ ਨੂੰ ਦਿਤੇ ਨੋਟਿਸ ਦਾ ਜਵਾਬ ਦੇਣ ਲਈ ਸੋਮਵਾਰ ਤਕ ਦਾ ਸਮਾਂ ਦਿਤਾ ਗਿਆ ਸੀ ਪਰ ਜਵਾਬ ਨਹੀਂ ਆਇਆ | ਉਨ੍ਹਾਂ ਅਗਲੀ ਕਾਰਵਾਈ ਦੀ ਗੱਲ ਕਰਦਿਆਂ ਕਿਹਾ ਕਿ ਇਸ ਬਾਰੇ ਹੁਣ ਅੰਤਮ ਫ਼ੈਸਲਾ ਇਕ ਦੋ ਦਿਨ ਵਿਚ ਮੀਟਿੰਗ ਬੁਲਾ ਕੇ ਕੇਂਦਰੀ ਅਨੁਸ਼ਾਸਨ ਕਮੇਟੀ ਲਵੇਗੀ | ਇਸ ਵਿਚ ਮੁਅੱਤਲੀ ਜਾਂ ਬਰਖ਼ਾਸਤਗੀ ਵੀ ਹੋ ਸਕਦੀ ਹੈ ਜਾਂ ਫਿਰ ਜਵਾਬ ਦੇਣ ਲਈ ਇਕ ਮੌਕਾ ਹੋਰ ਦਿਤਾ ਜਾ ਸਕਦਾ ਹੈ |
ਇਸੇ ਦੌਰਾਨ ਜਾਖੜ ਨੇ ਵੀ ਸਪੱਸ਼ਟ ਕਰ ਦਿਤਾ ਹੈ ਕਿ ਉਨ੍ਹਾਂ ਨੇ ਨੋਟਿਸ ਦਾ ਕੋਈ ਜਵਾਬ ਨਹੀਂ ਦਿਤਾ ਅਤੇ ਨਾ ਹੀ ਦੇਣਗੇ ਅਤੇ ਪਾਰਟੀ ਨੇ ਜੋ ਫ਼ੈਸਲਾ ਲੈਣਾ ਹੈ, ਲੈ ਲਵੇ |
ਜਾਖੜ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਨੁਸ਼ਾਸਨੀ ਕਮੇਟੀ ਵਲੋਂ ਉਨ੍ਹਾਂ ਨੂੰ ਜੋ ਕਾਰਨ ਦਸੋ ਨੋਟਿਸ ਆਇਆ ਹੈ, ਉਹ ਚੰਨੀ ਬਾਰੇ ਕੀਤੀ ਟਿਪਣੀ ਨੂੰ ਲੈ ਕੇ ਨਹੀਂ ਹੈ ਅਤੇ ਇਹ ਨੋਟਿਸ ਮੁੱਖ ਮੰਤਰੀ ਨਾ ਬਣਾਏ ਜਾਣ ਨੂੰ ਲੈ ਕੇ ਚੋਣਾਂ ਸਮੇਂ ਕੀਤੀਆਂ ਟਿਪਣੀਆਂ ਨੂੰ ਲੈ ਕੇ ਹੈ | ਜ਼ਿਕਰਯੋਗ ਹੈ ਕਿ ਜਾਖੜ ਨੇ ਚੋਣ ਮੁਹਿੰਮ ਦੌਰਾਨ ਬਿਆਨ ਦਿਤੇ ਸਨ ਕਿ ਬਹੁਗਿਣਤੀ ਵਿਧਾਇਕਾਂ ਨੇ ਉਨ੍ਹਾਂ ਦੇ ਹੱਕ ਵਿਚ ਰਾਏ ਦਿਤੀ ਸੀ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਥਾਂ ਚੰਨੀ ਨੂੰ ਦਿਤਾ ਸੀ | ਜਾਖੜ ਨੇ ਇਸ ਬਾਰੇ ਪਾਰਟੀ ਦੇ ਸੀਨੀਅਰ ਨੇਤਾ ਅੰਬਿਕਾ ਸੋਨੀ ਉਪਰ ਹਿੰਦੂ ਸਿੱਖ ਦਾ ਵਿਚਾਰ ਦੇ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਬਨਣ ਤੋਂ ਰੋਕਣ ਦਾ ਦੋਸ਼ ਲਾਇਆ ਸੀ | ਜਾਖੜ ਵਲੋਂ ਪਾਰਟੀ ਛੱਡਣ ਦੀਆਂ ਖ਼ਬਰਾਂ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਤਾਂ ਬਹੁਤ ਪਹਿਲਾਂ ਤੋਂ ਚਲ ਰਹੀਆਂ ਹਨ ਪਰ ਕੋਈ ਸਪੱਸ਼ਟ ਉਤਰ ਨਹੀਂ ਦਿਤਾ |