ਮ੍ਰਿਤਕ ਜਗਤਾਰ ਸਿੰਘ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟੇ ਨੂੰ ਛੱਡ ਗਿਆ
ਬਰਨਾਲਾ: ਪਿੰਡ ਵਜੀਦਕੇ ਖੁਰਦ ਵਿਖੇ ਇੱਕ ਕਿਸਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਜਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਗਤਾਰ ਸਿੰਘ (45) ਪੁੱਤਰ ਮਰਹੂਮ ਬਲਵੀਰ ਸਿੰਘ ਵਾਸੀ ਵਜੀਦਕੇ ਖੁਰਦ ਜੋ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਦਿਮਾਗੀ ਪ੍ਰੇਸ਼ਾਨੀ ਕਾਰਨ 13 ਅਪ੍ਰੈਲ ਨੂੰ ਉਸ ਨੇ ਘਰ 'ਚ ਜਹਿਰੀਲੀ ਦਵਾਈ ਨਿਗਲ ਲਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ । ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ 15 ਅਪ੍ਰੈਲ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਜਗਤਾਰ ਸਿੰਘ ਆਪਣੇ ਪਿੱਛੇ ਪਤਨੀ,ਦੋ ਬੇਟੀਆਂ ਤੇ ਇੱਕ ਬੇਟੇ ਨੂੰ ਰੋਦਿਆਂ ਵਿਲਕਦਿਆਂ ਛੱਡ ਗਿਆ । ਇਸ ਸਬੰਧੀ ਤਫਤੀਸ਼ੀ ਅਫਸਰ ਏਐੱਸਆਈ ਕਿਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਜੀਦਕੇ ਖੁਰਦ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਪਿਛਲੇ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਦੀ ਦਵਾਈ ਵੀ ਚੱਲ ਰਹੀ ਸੀ। ਉਸ ਨੇ ਬਿਆਨ ਦਰਜ ਕਰਵਾਏ ਕਿ ਉਸ ਨੇ ਦਵਾਈ ਦੇ ਭੁਲੇਖੇ ਨਾਲ ਜਹਿਰੀਲੀ ਦਵਾਈ ਨਿਗਲ ਲਈ। ਉਨ੍ਹਾਂ ਦੱਸਿਆ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਠੁੱਲੀਵਾਲ ਵਿਖੇ 174 ਦੀ ਕਾਰਵਾਈ ਅਮਲ ’ਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਪ ਦਿੱਤੀ ਹੈ।