
ਮ੍ਰਿਤਕ ਔਰਤ ਦੀ ਪਛਾਣ ਪਿੰਕੀ (23) ਵਜੋਂ ਹੋਈ ਹੈ। ਜਦਕਿ ਪਤੀ ਦੀ ਪਹਿਚਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Amritsar News: ਅੰਮ੍ਰਿਤਸਰ - ਪੰਜਾਬ ਦੇ ਅੰਮ੍ਰਿਤਸਰ 'ਚ ਮਾਮੂਲੀ ਘਰੇਲੂ ਝਗੜੇ ਕਾਰਨ ਪਤੀ ਨੇ ਆਪਣੀ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਔਰਤ ਦੇ ਪੇਟ ਵਿਚ ਜੁੜਵਾਂ ਬੱਚੇ ਸਨ। ਦੋਸ਼ੀ ਪਤੀ ਨੇ ਆਪਣੀ ਪਤਨੀ ਨੂੰ ਸਾੜਨ ਤੋਂ ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਨਾ ਕਰ ਸਕੇ।
ਮ੍ਰਿਤਕ ਔਰਤ ਦੀ ਪਛਾਣ ਪਿੰਕੀ (23) ਵਜੋਂ ਹੋਈ ਹੈ। ਜਦਕਿ ਪਤੀ ਦੀ ਪਹਿਚਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਘਟਨਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਲੇਨੰਗਲ ਦੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਵੇਂ ਛੋਟੀਆਂ-ਛੋਟੀਆਂ ਗੱਲਾਂ 'ਤੇ ਆਪਸ 'ਚ ਲੜਦੇ ਰਹਿੰਦੇ ਸਨ।
ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਰਈਆ ਗਿਆ ਹੋਇਆ ਸੀ। ਦੁਪਹਿਰ ਸਮੇਂ ਉਸ ਨੂੰ ਫੋਨ ਆਇਆ ਕਿ ਸੁਖਦੇਵ ਸਿੰਘ ਨੇ ਉਸ ਦੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੜੀ ਹੋਈ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਗ ਨਾਲ ਘਰ ਦਾ ਸਾਰਾ ਸਮਾਨ ਵੀ ਸੜ ਗਿਆ।
ਥਾਣਾ ਬਿਆਸ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ। ਘਰੇਲੂ ਝਗੜੇ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲੜਾਈ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਲੜਕੀ ਦਾ ਮਾਮਾ ਪਰਿਵਾਰ ਵੀ ਪੁਲੀਸ ਦੇ ਸੰਪਰਕ ਵਿੱਚ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।