
ਉਹ ਆਪਣੇ ਪਿਛੇ ਦੋ ਪੁੱਤਰ, ਪਤਨੀ ਤੇ ਪਰਿਵਾਰ ਛੱਡ ਗਏ ਹਨ।
ਚੰਡੀਗੜ੍ਹ - ਉੱਘੇ ਕਵੀ ਡਾ. ਮੋਹਨਜੀਤ ਦਾ ਅੱਜ ਸਵੇਰੇ ਕਰੀਬ 6 ਵਜੇ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਬ੍ਰੇਨ ਸਟ੍ਰੋਕ ਹੋਣ ਕਾਰਨ ਉਹ ਨਿੱਜੀ ਹਸਪਤਾਲ 'ਚ ਦਾਖ਼ਲ ਸਨ ਤੇ ਫਿਰ ਡਾਕਟਰਾਂ ਦੀ ਨਿਗਰਾਨੀ ਹੇਠ ਘਰ 'ਚ ਹੀ ਜ਼ੇਰੇ ਇਲਾਜ ਸਨ। ਉਹ ਆਪਣੇ ਪਿਛੇ ਦੋ ਪੁੱਤਰ, ਪਤਨੀ ਤੇ ਪਰਿਵਾਰ ਛੱਡ ਗਏ ਹਨ।
ਉਨ੍ਹਾਂ ਦਾ ਸਸਕਾਰ ਅੱਜ ਸ਼ਾਮ 5 ਵਜੇ ਸੈਕਟਰ-3 ਪੁਲਿਸ ਸਟੇਸ਼ਨ ਨੇੜੇ ਨਾਹਰਪੁਰ ਸ਼ਮਸ਼ਾਨਘਾਟ ਸੈਕਟਰ-3 ਵਿਖੇ ਕੀਤਾ ਜਾਵੇਗਾ।
7 ਮਈ 1938 ਨੂੰ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ 'ਚ ਜੰਮੇ ਮੋਹਨਜੀਤ ਨੇ ਕਵਿਤਾ, ਅਨੁਵਾਦ ਤੇ ਆਲੋਚਨਾ ਦੀਆਂ ਦੋ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ 'ਚ ਪਾਈਆਂ। ਉਨ੍ਹਾਂ ਆਪਣੀ ਸਵੈ-ਜੀਵਨੀ ਵੀ ਲਿਖੀ ਸੀ। ਉਨ੍ਹਾਂ ਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਤੇ ਉਹ ਲੰਬੇ ਸਮੇਂ ਲਈ ਦੇਸ਼ ਬੰਧੂ ਕਾਲਜ ਵਿਚ ਪੰਜਾਬੀ ਦਾ ਅਧਿਆਪਕ ਰਹੇ।