
ਪੁਰਾਣੀ ਰੰਜਿਸ਼ ਦੇ ਚਲਦਿਆਂ 4 ਲੜਕਿਆਂ ਅਤੇ ਇਕ ਲੜਕੀ ਨੇ ਦਿਤਾ ਅੰਜਾਮ
Punjab News: ਖਰੜ ਦੇ ਸੰਨੀ ਇਨਕਲੇਵ 'ਚ ਸ਼ੁੱਕਰਵਾਰ ਦੇਰ ਰਾਤ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਉਸ ਦੇ ਪਰਵਾਰ ਵਿਚ ਉਸ ਦੀ ਮਾਂ, ਛੋਟੀ ਭੈਣ ਅਤੇ ਛੋਟਾ ਭਰਾ ਸ਼ਾਮਲ ਹੈ। ਜਦਕਿ ਉਸ ਦੇ ਪਿਤਾ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਤੇਜਿੰਦਰ ਸਿੰਘ (33 ਸਾਲ) ਵਾਸੀ ਪਿੰਡ ਹਥਨ ਮਲੇਰਕੋਟਲਾ ਵਜੋਂ ਹੋਈ ਹੈ। ਪੁਲਿਸ ਮਾਮਲੇ 'ਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਰਾਤ ਸਮੇਂ ਸੰਨੀ ਇਨਕਲੇਵ ਦੇ ਬਾਹਰ ਸੜਕ ਕਿਨਾਰੇ ਅਪਣੇ ਇਕ ਦੋਸਤ ਨਾਲ ਖੜ੍ਹਾ ਸੀ। ਉਦੋਂ ਨੌਜਵਾਨ ਉਥੇ ਆਏ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਜ਼ਖਮੀ ਕਰ ਦਿਤਾ ਅਤੇ ਉਥੋਂ ਫ਼ਰਾਰ ਹੋ ਗਏ। ਦੋਸਤ ਉਸ ਨੂੰ ਜ਼ਖ਼ਮੀ ਹਾਲਤ ਵਿਚ ਫੇਜ਼ 6 ਮੁਹਾਲੀ ਦੇ ਹਸਪਤਾਲ ਲੈ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਹੈ।
ਹਾਲਾਂਕਿ ਪੁਲਿਸ ਇਸ ਮਾਮਲੇ 'ਚ ਖੁੱਲ੍ਹ ਕੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ ਪਰ ਸੂਤਰਾਂ ਅਨੁਸਾਰ ਮ੍ਰਿਤਕ ਦਾ ਦੋਸਤ ਮੁਲਜ਼ਮਾਂ ਨੂੰ ਜਾਣਦਾ ਹੈ ਅਤੇ ਦੋਵਾਂ ਵਿਚਾਲੇ ਪ੍ਰੇਮ ਸਬੰਧਾਂ ਸਬੰਧੀ ਕੋਈ ਗੱਲ ਹੋ ਸਕਦੀ ਹੈ। ਪੁਲਿਸ ਇਸ ਐਂਗਲ 'ਤੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਿੰਡ ਤੋਂ ਆਏ ਜਸਪਾਲ ਦਾਸ ਨੇ ਦਸਿਆ ਕਿ ਸਵੇਰੇ ਹੀ ਮ੍ਰਿਤਕ ਦੇ ਪਰਵਾਰ ਵਾਲਿਆਂ ਨੂੰ ਥਾਣੇ ਤੋਂ ਫੋਨ ਆਇਆ ਸੀ।
ਦਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ 4 ਲੜਕਿਆਂ ਅਤੇ ਇਕ ਲੜਕੀ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਹੈ। ਇਸ ਮਾਮਲੇ ’ਚ ਸਿਟੀ ਖਰੜ ਦੀ ਪੁਲਿਸ ਨੇ ਪ੍ਰਤੀਕ, ਕਰਨ ਵਾਸੀ ਮਲੋਆ ਚੰਡੀਗੜ੍ਹ, ਜਮ੍ਹਾ ਵਾਸੀ ਬਹਿਲੋਲਪੁਰ ਅਤੇ ਧੀਰਜ ਕੁਮਾਰ ਵਾਸੀ ਪਿੰਡ ਮਲੋਆ ਅਤੇ ਸੋਨੀਆ ਵਿਰੁਧ ਧਾਰਾ 302, 148, 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਡੀ.ਐਸ.ਪੀ ਖਰੜ ਕਰਨ ਸੰਧੂ ਨੇ ਪੁਲਿਸ ਨੇ ਮੁਲਜਮ ਧੀਰਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।