
ਪੰਜਾਬ, ਚੰਡੀਗੜ੍ਹ ਤੇ ਸਰਹੱਦੀ ਇਲਾਕਿਆਂ ’ਚ ਅਤਿਵਾਦੀ ਗਤੀਵਿਧੀਆਂ ’ਚ ਲੋੜੀਂਦਾ ਸੀ ਹੈਪੀ ਪਾਸੀਆ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਰੀਕਾ ’ਚ ਐਫਬੀਆਈ ਦੁਆਰਾ ਬੀਕੇਆਈ ਅੱਤਿਵਾਦੀ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਐਨਆਈਏ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਾਸੀਆ ਨੂੰ ਜਲਦੀ ਹੀ ਹਵਾਲਗੀ ਦਿਤੀ ਜਾਵੇਗੀ ਅਤੇ ਵਿਦੇਸ਼ਾਂ ਵਿਚ ਲੁਕੇ ਹੋਰ ਅਪਰਾਧੀ ਵੀ ਫੜੇ ਜਾਣਗੇ। ਅੱਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦਾ ਨਾਮ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਚੱਲ ਰਿਹਾ ਸੀ। ਪਾਸੀਆ ਪਿਛਲੇ ਛੇ ਮਹੀਨਿਆਂ ਵਿਚ ਪੰਜਾਬ ਵਿਚ ਹੋਏ 14 ਅੱਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ।
ਜਿਸ ਨੂੰ ਹਾਲ ’ਚ ਅਮਰੀਕਾ ਵਿਖੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫ਼ੋਰਸਮੈਂਟ (ICE) ਦੁਆਰਾ ਹਿਰਾਸਤ ਵਿਚ ਲਿਆ ਗਿਆ ਹੈ। ਹੁਣ ਇਸ ਮਾਮਲੇ ’ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਨੇ ਅਮਰੀਕਾ ਵਿਚ ਐਫਬੀਆਈ ਦੁਆਰਾ ਬੀਕੇਆਈ ਅੱਤਿਵਾਦੀ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਐਨਆਈਏ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਅੱਤਿਵਾਦੀਆਂ ਨੂੰ ਵੀ ਚੇਤਾਵਨੀ ਦਿਤੀ। ਹੈਪੀ ਪਾਸੀਆ ਖਾਲਿਸਤਾਨੀ ਅੱਤਿਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਕਮਾਂਡਰ ਹੈ।
ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਜਾਂਚ ਅਥਾਰਟੀ (ਐਨ.ਆਈ.ਏ.) ਦੀ ਸ਼ਲਾਘਾ ਕੀਤੀ, ਜੋ ਕਿ ਐਫ.ਬੀ.ਆਈ. ਅਤੇ ਯੂ.ਐਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੀ ਮਦਦ ਨਾਲ ਅਮਰੀਕਾ ਵਿਚ ਲੁਕਿਆ ਹੋਇਆ ਸੀ। ਬਿੱਟੂ ਨੇ ਕਿਹਾ ਕਿ ਹਰਪ੍ਰੀਤ ਪਾਸੀਆ ਪੰਜਾਬ ਅਤੇ ਚੰਡੀਗੜ੍ਹ ਵਿਚ ਕਈ ਗ੍ਰਨੇਡ ਹਮਲਿਆਂ ਅਤੇ ਸਰਹੱਦੀ ਸੂਬੇ ਵਿਚ ਅੱਤਿਵਾਦੀ ਗਤੀਵਿਧੀਆਂ ਵਿਚ ਲੋੜੀਂਦਾ ਸੀ।
ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਪਾਸੀਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਅਧਿਕਾਰੀ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪਾਸੀਆ ਅਤੇ ਉਸ ਦੇ ਸਾਥੀ ਐਨਆਈਏ ਦੇ ਰਾਡਾਰ ’ਤੇ ਸਨ।