
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਦੇ ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਜ਼ਿਲ੍ਹੇ ਦੇ ਹਾਲਾਤ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖ਼ਾਸ ਕਵਰੇਜ ਕੀਤੀ
ਬਠਿੰਡਾ (ਚਰਨਜੀਤ ਸਿੰਘ ਸੁਰਖ਼ਾਬ): ਝੀਲਾਂ ਦਾ ਸ਼ਹਿਰ ਬਠਿੰਡਾ, ਪੰਜਾਬ ਦੀ ਖੂਬਸੂਰਤੀ ਅਤੇ ਆਰਥਿਕਤਾ ਨੂੰ ਵਧਾਉਣ ਵਿੱਚ ਹਮੇਸ਼ਾ ਹੀ ਮੋਹਰੀ ਸ਼ਹਿਰਾਂ ਦੀ ਕਤਾਰ ਵਿੱਚ ਰਿਹਾ ਹੈ ਤੇ ਬਠਿੰਡਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਗ੍ਰਾਫ ਅਕਸਰ ਉਪਰ ਥੱਲੇ ਹੁੰਦਾ ਦਿਖਾਈ ਦਿੰਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਦੇ ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਜ਼ਿਲ੍ਹੇ ਦੇ ਹਾਲਾਤ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖ਼ਾਸ ਕਵਰੇਜ ਕੀਤੀ।
Bathinda Civil Hospital
ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ 175 ਬੈੱਡਾਂ ਦਾ ਪ੍ਰਬੰਧ
3 ਲੱਖ 77 ਹਜ਼ਾਰ ਦੀ ਅਬਾਦੀ ਵਾਲਾ ਸ਼ਹਿਰ ਬਠਿੰਡਾ ਮਾਲਵੇ ਅੰਦਰ ਹਸਪਤਾਲਾਂ ਦਾ ਹੱਬ ਬਣਦਾ ਜਾ ਰਿਹਾ ਹੈ| ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ ਵਿਚ ਦਿਨ-ਪ੍ਰਤੀ-ਦਿਨ ਵਾਧਾ ਹੋ ਰਿਹਾ ਹੈ। ਬਠਿੰਡਾ ਦੇ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਮੁਤਾਬਕ ਸਰਕਾਰੀ ਹਸਪਤਾਲ ਵਿਚ 175 ਬੈੱਡਾਂ ਦਾ ਪ੍ਰਬੰਧ ਹੈ ਅਤੇ ਹਸਪਤਾਲ ਵਿਚ ਕੁੱਲ 160 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
Bathinda Civil Hospital
ਸ਼ਹਿਰ ਵਿਚ ਵੈਕਸੀਨ ਦੀ ਕਮੀਂ
ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਹੁਣ ਤੱਕ 1 ਲੱਖ 32 ਹਜ਼ਾਰ ਟੀਕੇ ਲੱਗ ਚੁੱਕੇ ਹਨ। ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਟੀਕਾਕਰਨ ਲਈ ਖੁਰਾਕਾਂ ਵਿਚ ਕਮੀ ਜ਼ਰੂਰ ਆ ਰਹੀ ਹੈ। 1 ਮਈ ਤੋਂ ਸ਼ੁਰੂ ਹੋਏ ਨਵੇਂ ਪ੍ਰੋਗਰਾਮ ਦੌਰਾਨ ਪਿੰਡਾਂ ਵਿਚ ਵਾਧੂ ਪਈ ਦਵਾਈ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ| ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸਿਹਤ ਕਰਮਚਾਰੀ ਬਠਿੰਡਾ ਵਾਸੀਆਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕਰ ਰਹੇ ਹਨ ਅਤੇ ਹਰ ਸਾਵਧਾਨੀ ਵਰਤਣ ਲਈ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵੈਕਸੀਨ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ, ਇਕ ਸਟੇਟ ਵੈਕਸੀਨ ਤੇ ਦੂਜੀ ਸੈਂਟਰਲ ਵੈਕਸੀਨ। ਸਟੇਟ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਜਦਕਿ ਸੈਂਟਰਲ ਵੈਕਸੀਨ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਰੱਖੀ ਗਈ।
Civil Surgeon Tejwant Singh
ਹੋਰ ਸੂਬਿਆਂ ਦੇ ਮਰੀਜ਼ ਵੀ ਕਰਵਾ ਰਹੇ ਇਲਾਜ
ਸ਼ਹਿਰ ਵਿਚ ਸਰਕਾਰੀ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਹੋਰ ਸੂਬਿਆਂ ਤੋਂ ਮਰੀਜ਼ ਵੀ ਅਪਣਾ ਇਲਾਜ ਕਰਵਾ ਰਹੇ ਹਨ। ਇਹਨਾਂ ਮਰੀਜ਼ਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਰਕਾਰੀ ਇਲਾਜ ਠੀਕ ਹੈ ਪਰ ਵੈਂਟੀਲੇਟਰ ਨੂੰ ਲੈ ਕੇ ਸਮੱਸਿਆ ਆ ਰਹੀ ਹੈ। ਸਿਰਸਾ ਤੋਂ ਆਏ ਇੱਕ ਮਰੀਜ਼ ਦਾ ਕਹਿਣਾ ਸੀ ਉਹਨਾਂ ਨੂੰ ਸਿਰਸਾ ਵਿੱਚ ਆਕਸੀਜਨ ਦੀ ਮੁਸ਼ਕਿਲ ਆ ਰਹੀ ਸੀ ਪਰ ਬਠਿੰਡਾ ਸਿਵਲ ਹਸਪਤਾਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਈ ਤੇ ਇੱਥੇ ਇਲਾਜ ਬਿਲਕੁਲ ਸਹੀ ਹੋ ਰਿਹਾ ਹੈ।
Bathinda Civil Hospital
ਵੈਂਟੀਲੇਟਰ ਚਲਾਉਣ ਵਾਲੇ ਸਟਾਫ ਦੀ ਕਮੀ- ਜੈਜੀਤ ਸਿੰਘ ਜੌਹਲ
ਵੈਂਟੀਲੇਟਰ ਨੂੰ ਲੈ ਕੇ ਜਦੋ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵੈਂਟੀਲੇਟਰ ਦੀ ਦਿੱਕਤ ਨਹੀਂ ਦਿੱਕਤ ਟੈਕਨੀਸ਼ੀਅਨ ਦੀ ਹੈ। ਜੌਹਲ ਮੁਤਾਬਿਕ ਬਠਿੰਡਾ ਵਿਚ ਵੈਂਟੀਲੇਟਰ ਨੂੰ ਚਲਾਉਣ ਵਾਲੇ ਸਟਾਫ ਦੀ ਕਮੀ ਹੈ ਜਿਸ ਕਰਕੇ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ|ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਖ਼ਜ਼ਾਨਾ ਮੰਤਰੀ ਵੱਲੋਂ ਬਠਿੰਡਾ ਵਿੱਚ ਮੁਫ਼ਤ ਕੋਵਿਡ ਕੇਅਰ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ।
Jaijeet Singh Johal
ਦੱਸ ਦਈਏ ਕਿ ਸਰਕਾਰ ਦੇ ਇਹਨਾਂ ਉਪਰਾਲਿਆਂ ਦੇ ਬਾਵਜੂਦ ਬਠਿੰਡਾ ਦੇ ਸ਼ਮਸ਼ਾਨ ਘਾਟ ਠੰਡੇ ਨਹੀਂ ਪੈ ਰਹੇ। ਬਠਿੰਡਾ ਦੇ ਰਾਮਬਾਗ ਵਿਚ ਰੋਜ਼ਾਨਾ 15 ਤੋਂ ਵੱਧ ਮ੍ਰਿਤਕਾਂ ਦਾ ਸਸਕਾਰ ਹੋ ਰਿਹਾ ਹੈ, ਜਿਨ੍ਹਾਂ ਵਿਚੋਂ 70 ਫ਼ੀਸਦੀ ਮ੍ਰਿਤਕ ਦੇਹਾਂ ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਹੁੰਦੀਆਂ ਹਨ।