
ਕੋਵਿਡ 19 ਦੇ ਹਾਲਾਤ ’ਤੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਬੈਠਕ ‘ਸੁਪਰ ਫ਼ਲਾਪ’ : ਮਮਤਾ
ਕਿਹਾ, ਭਾਜਪਾ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਬੋਲਣ ਹੀ ਨਾ ਦਿਤਾ
ਕੋਲਕਾਤਾ, 20 ਮਈ : ਕੋਰੋਨਾ ਸੰਕਟ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 10 ਸੂਬਿਆਂ ਦੇ ਮੁੱਖ ਮੰਤਰੀਆਂ ਅਤੇ 54 ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ’ਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ। ਬੈਠਕ ਤੋਂ ਬਾਅਦ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸਾਧਿਆ। ਮਮਤਾ ਬੈਨਰਜੀ ਨੇ ਬੈਠਕ ਨੂੰ ‘ਸੁਪਰ ਫ਼ਲਾਪ’ ਦਸਦੇ ਹੋਏ ਦੋਸ਼ ਲਗਾਇਆ ਕਿ ਬੈਠਕ ’ਚ ਸਿਰਫ਼ ਭਾਜਪਾ ਦੇ ਕੁੱਝ ਮੁੱਖ ਮੰਤਰੀਆਂ ਨੇ ਅਪਣੀ ਗੱਲ ਰੱਖੀ। ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੋਲਣ ਹੀ ਨਾ ਦਿਤਾ ਗਿਆ। ਇਥੋਂ ਤਕ ਕਿ ਮੈਂ ਵੀ ਨਾ ਬੋਲ ਸਕੀ ਜੋ ਮੇਰੇ ਅਪਮਾਨ ਦੇ ਬਰਾਬਰ ਹੈ। ਬੈਨਰਜੀ ਨੇ ਇਹ ਦਾਅਵਾ ਵੀ ਕੀਤਾ ਕਿ ਸਿਰਫ਼ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੈਠਕ ’ਚ ਬੋਲਣ ਦਿਤਾ ਗਿਆ, ਜਦਕਿ ਦੂਜਿਆਂ ਨੂੰ ‘ਕਠਪੁਤਲੀ’ ਬਣਾ ਕੇ ਰਖਿਆ ਗਿਆ। ਉਨ੍ਹਾਂ ਕਿਹਾ, ‘‘ਇਹ ਗ਼ੈਰ ਰਸਮੀ ਅਤੇ ਸੁਪਰ ਫ਼ਲਾਪ ਸੀ।’’
ਮਮਤਾ ਬੈਨਰਜੀ ਨੇ ਕੇਂਦਰ ’ਤੇ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ’ਚ ਵੈਕਸੀਨ ਦੀ ਭਾਰੀ ਕਮੀ ਹੈ। ਅਸੀਂ ਤਿੰਨ ਕਰੋੜ ਟੀਕਿਆਂ ਦੀ ਮੰਗ ਰੱਖਣ ਵਾਲੇ ਸੀ ਪਰ ਕੁੱਝ ਬੋਲਣ ਨਹੀਂ ਦਿਤਾ ਗਿਆ। ਇਸ ਮਹੀਨੇ 24 ਲੱਖ ਵੈਕਸੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਿਰਫ਼ 13 ਲੱਖ ਵੈਕਸੀਨ ਦਿਤੀਆਂ ਗਈਆਂ।
ਮਮਤਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਕਿਤੇ ਨਾ ਕਿਤੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਆਕਸੀਜਨ, ਦਵਾਈ, ਵੈਕਸੀਨ ਕੁੱਝ ਵੀ ਉਪਲੱਬਧ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ਨੂੰ ਰੇਮਡੇਸਿਵਿਰ ਟੀਕਾ ਵੀ ਨਹੀਂ ਦਿਤਾ ਗਿਆ, ਪੀ.ਐਮ. ਮੋਦੀ ਮੂੰਹ ਲੁਕਾ ਕੇ ਦੌੜ ਗਏ। ਮਮਤਾ ਬੈਨਰਜੀ ਨੇ ਕਿਹਾ ਕਿ ਜਦੋਂ ਕੋਰੋਨਾ ਮਾਮਲੇ ਵਧੇ ਤਾਂ ਬੰਗਾਲ ’ਚ ਕੇਂਦਰੀ ਟੀਮ ਨੇ ਦੌਰਾ ਕੀਤਾ ਪਰ ਹੁਣ ਗੰਗਾ ’ਚ ਲਾਸ਼ਾਂ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਟੀਮ ਨਹੀਂ ਭੇਜੀ ਜਾ ਰਹੀ। ਬੰਗਾਲ ’ਚ ਕੋਰੋਨਾ ਪਾਜ਼ੇਟਿਵਿਟੀ ਦਰ ਘੱਟ ਹੋਈ ਹੈ, ਉਥੇ ਹੀ ਮੌਤ ਦਰ 0.9 ਫ਼ੀ ਸਦੀ ਹੈ। (ਏਜੰਸੀ)