
ਬਰਤਾਨਵੀ ਸੰਸਦ ’ਚ ਪਾਕਿਸਤਾਨ ਦੀ ਖਿਚਾਈ
ਲਾਰਡ ਰਾਮੀ ਰੇਂਜਰ ਪੁਛਿਆ, ਕਸ਼ਮੀਰ ’ਚ ਤਬਾਹੀ ਲਈ ਕੌਣ ਜ਼ਿੰਮੇਵਾਰ?
ਲੰਡਨ, 19 ਮਈ : ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੋ ਰਹੇ ਧਾਰਮਕ ਅਤਿਆਚਾਰ, ਵਿਤਕਰੇ ਤੋਂ ਪੂਰੀ ਦੁਨੀਆਂ ਜਾਣੂ ਹੈ। ਪਾਕਿਸਤਾਨ ਦੇ ਪੇਸ਼ਾਵਰ ਵਿਚ ਦੋ ਸਿੱਖ ਕਾਰੋਬਾਰੀਆਂ ਦਾ ਹਾਲ ਹੀ ਵਿਚ ਹੋਇਆ ਕਤਲ ਇਸ ਦੀ ਤਾਜ਼ਾ ਮਿਸਾਲ ਹੈ। ਭਾਰਤ ਇਨ੍ਹਾਂ ਮੁੱਦਿਆਂ ਨੂੰ ਕਈ ਵਾਰ ਦੁਨੀਆ ਦੇ ਸਾਹਮਣੇ ਰੱਖ ਚੁਕਾ ਹੈ। ਹੁਣ ਲੰਡਨ, ਬ੍ਰਿਟੇਨ ਦੇ ਹਾਊਸ ਆਫ਼ ਲਾਰਡਜ਼ (ਬ੍ਰਿਟਿਸ਼ ਪਾਰਲੀਮੈਂਟ) ਵਿਚ ਭਾਰਤੀ ਮੂਲ ਦੇ ਲਾਰਡ ਰਾਮੀ ਰੇਂਜਰ ਨੇ ਪਾਕਿਸਤਾਨ ਵਿਚ ਧਾਰਮਕ ਅਤਿਆਚਾਰ ਦਾ ਮੁੱਦਾ ਉਠਾਇਆ ਅਤੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਕੀਤੀ। ਬਰਤਾਨਵੀ ਪਾਰਲੀਮੈਂਟ ਵਿੱਚ ਜਦੋਂ ਲਾਰਡ ਕੁਰਬਾਨ ਹੁਸੈਨ ਨੇ ਕਸ਼ਮੀਰ ਦਾ ਮੁੱਦਾ ਉਠਾਇਆ ਤਾਂ ਰਾਮੀ ਰੇਂਜਰ ਨੇ ਉਨ੍ਹਾਂ ਦੀਆਂ ਗੱਲਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਪਾਕਿਸਤਾਨ ਦੀ ਖਿਚਾਈ ਕੀਤੀ।
ਲਾਰਡ ਰਾਮੀ ਰੇਂਜਰ ਨੇ ਕਿਹਾ, ‘ਕੁਰਬਾਨ ਹੁਸੈਨ ਨੂੰ ਪਤਾ ਹੈ ਕਿ ਪਿਸ਼ਾਵਰ ’ਚ ਪਿਛਲੇ ਹਫ਼ਤੇ ਧਰਮ ਦੇ ਨਾਂ ’ਤੇ ਦੋ ਸਿੱਖ ਕਾਰੋਬਾਰੀਆਂ ਦੀ ਹਤਿਆ ਕਰ ਦਿਤੀ ਗਈ ਸੀ।’ ਪਾਕਿਸਤਾਨ ਵਿਚ ਅਹਿਮਦੀ, ਸਿੱਖ, ਈਸਾਈ, ਹਿੰਦੂਆਂ ਨੂੰ ਧਰਮ ਦੇ ਨਾਂ ’ਤੇ ਸਤਾਇਆ ਜਾਂਦਾ ਹੈ। ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ, ਸ਼ੀਆ ਮਸਜਿਦਾਂ ’ਤੇ ਹਮਲੇ ਕੀਤੇ ਜਾਂਦੇ ਹਨ।ਰਾਮੀ ਰੇਂਜਰ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ ਅਤੇ ਸੰਸਦ ਦੇ ਹੋਰ ਮੈਂਬਰਾਂ ਦੇ ਸਾਹਮਣੇ ਕੁਰਬਾਨ ਹੁਸੈਨ ਨੂੰ ਪੁਛਿਆ ਕਿ ਕਸ਼ਮੀਰ ’ਚ ਅਤਿਵਾਦੀਆਂ ਨੂੰ ਹਥਿਆਰ ਕੌਣ ਸਪਲਾਈ ਕਰ ਰਿਹਾ ਹੈ? ਉਨ੍ਹਾਂ ਨੂੰ ਸਿਖਲਾਈ ਕੌਣ ਦੇ ਰਿਹਾ ਹੈ, ਉਨ੍ਹਾਂ ਨੂੰ ਕਸ਼ਮੀਰ ਵਰਗੇ ਫ਼ਿਰਦੌਸ ਵਿਚ ਤਬਾਹੀ ਮਚਾਉਣ ਲਈ ਭੜਕਾ ਰਿਹਾ ਹੈ?
ਇਸ ਸਥਿਤੀ ਵਿਚ ਸੈਂਕੜੇ ਲੋਕ ਮਾਰੇ ਜਾ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ.) ਨੇ ਪੁਲਿਸ ਤੋਂ ਦੋਸ਼ੀਆਂ ਦੀ ਤੁਰਤ ਪਛਾਣ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਐਚਆਰਸੀਪੀ ਨੇ ਕਿਹਾ, ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਧਾਰਮਿਕ ਘੱਟ ਗਿਣਤੀਆਂ ਵਿਰੁਧ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤ ਨੇ ਪਾਕਿਸਤਾਨ ਵਿਚ ਸਿੱਖ ਕਾਰੋਬਾਰੀਆਂ ਦੀ ਬੇਰਹਿਮੀ ਨਾਲ ਹਤਿਆ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕਰਨ ਅਤੇ ਇਸ ਨਿੰਦਣਯੋਗ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੂਨਖਵਾ ਸੂਬੇ ’ਚ ਐਤਵਾਰ ਨੂੰ ਇਕ ਅਣਪਛਾਤੇ ਬੰਦੂਕਧਾਰੀ ਨੇ ਦੋ ਸਿੱਖ ਕਾਰੋਬਾਰੀਆਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਇਹ ਹਮਲਾ ਉਪਨਗਰੀ ਸਰਬੰਦ ਵਿਚ ਹੋਇਆ। ਪਿਸ਼ਾਵਰ ਪੁਲਿਸ ਨੇ ਕਿਹਾ ਸੀ ਕਿ ਮਾਰੇ ਗਏ ਦੋਵੇਂ ਸਿੱਖ ਸਰਬੰਦ ਦੇ ਬਾਟਾ ਤਾਲ ਬਾਜ਼ਾਰ ਵਿਚ ਮਸਾਲੇ ਵੇਚਣ ਵਾਲੇ ਦੁਕਾਨਦਾਰ ਸਨ। ਮ੍ਰਿਤਕਾਂ ਦੀ ਪਛਾਣ ਸਲਜੀਤ ਸਿੰਘ (42) ਅਤੇ ਰਣਜੀਤ ਸਿੰਘ (38) ਵਜੋਂ ਹੋਈ ਹੈ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੇਸ਼ਾਵਰ ਵਿਚ ਸਿੱਖ ਭਾਈਚਾਰੇ ਦੇ ਕਰੀਬ 15,000 ਲੋਕ ਰਹਿੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸੂਬਾਈ ਰਾਜਧਾਨੀ ਨੇੜੇ ਜੋਗਨ ਸ਼ਾਹ ਵਿਚ ਰਹਿੰਦੇ ਹਨ। ਪੇਸ਼ਾਵਰ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਲੋਕ ਕਾਰੋਬਾਰ ਕਰਦੇ ਹਨ। (ਏਜੰਸੀ)