
ਜਥੇਦਾਰ ਦੀ ਵਿਰੋਧੀਆਂ ਨਾਲ ਸਾਂਝ ਤੋਂ ਵੀ ਖਫ਼ਾ ਹੈ ਬਾਦਲ ਦਲ
ਅਕਾਲੀ ਦਲ ਨੂੰ ਅਮੀਰਾਂ ਦੀ ਪਾਰਟੀ ਦਸਣ ਤੋਂ ਅਕਾਲੀ ਔਖੇ
ਰਾਘਵ ਚੱਢਾ-ਪ੍ਰਨੀਤੀ ਚੋਪੜਾ ਦੀ ਮੰਗਣੀ ’ਤੇ ਜਾਣ ਦਾ ਤਾਂ ਨਿਰਾ ਬਹਾਨਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਐਸਜੀਪੀਸੀ ਦੀ ਅੰਤਿ੍ਰਗ ਕਮੇਟੀ ਅੱਜ ਅਹਿਮ ਬੈਠਕ ਅੰਮ੍ਰਿਤਸਰ ਕਰ ਰਹੀ ਹੈ ਜਿਸ ਵਿਚ ਵੱਖ-ਵੱਖ ਪੰਥਕ ਮਸਲਿਆਂ ਤੋਂ ਇਲਾਵਾ ਵਿਵਾਦਾਂ ’ਚ ਘਿਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ ਹਰਪ੍ਰੀਤ ਸਿੰਘ ਦੇ ਭਵਿਖ ਬਾਰੇ ਫ਼ੈਸਲਾ ਲਏ ਜਾਣ ਦੀਆਂ ਚਰਚਾਵਾਂ ਹਨ। ਜਥੇਦਾਰ ਨੂੰ ਹਟਾਉਣ ਬਾਰੇ ਚਰਚਾ ਹੈ ਕਿ ਰਾਘਵ ਚੱਢਾ-ਪ੍ਰਨੀਤੀ ਚੋਪੜਾ ਦੀ ਮੰਗਣੀ ਤੇ ਜਥੇਦਾਰ ਦੇ ਜਾਣ ਦਾ ਤਾਂ ਬਹਾਨਾ ਹੈ, ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡੇ ਬਾਦਲ (ਪ੍ਰਕਾਸ਼ ਸਿੰਘ ਬਾਦਲ) ਦੇ ਅਰਦਾਸ ਸਮਾਗਮ ’ਚ ਅਤੀਤ ’ਚ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗ ਲਈ ਸੀ ਜਿਸ ’ਤੇ ਮੋਹਰ ਲਾਉਣ ਦਾ ਦਬਾਅ ਜਥੇਦਾਰ ’ਤੇ ਪਾਇਆ ਗਿਆ, ਬਾਕਾਇਦਾ ਦੋ ਜਾਂ ਤਿੰਨ ਨੇਤਾ ਉਨ੍ਹਾਂ ਨੂੰ ਮਿਲੇ ਪਰ ਬਿਨਾ ਪੇਸ਼ੀ ਮੁਆਫ਼ੀ ਤੋਂ ਜਥੇਦਾਰ ਨੇ ਨਾਂਹ ਕਰ ਦਿਤੀ, ਜਿਸ ਤੋਂ ਕੰਮ ਵਿਗੜ ਗਿਆ ਹੈ।
ਸੂਚਨਾ ਮੁਤਾਬਕ ਜਥੇਦਾਰ ਨੇ ਪਾਰਟੀ ਦੀ ਸਿੱਖਾਂ ’ਚ ਰੜਕਦੀ ਲੀਡਰਸ਼ਿਪ ਨੂੰ ਅਸਤੀਫ਼ੇ ਦੇਣ ਬਾਰੇ ਕਿਹਾ ਪਰ ਇਹ ਚੰਗਾ ਪ੍ਰਸਤਾਵ ਰੱਦ ਕਰ ਦਿਤਾ ਗਿਆ। ਇਹ ਝੂੰਦਾ ਕਮੇਟੀ ਦੀ ਸਿਫਾਰਸ਼ ਸੀ। ਇਹ ਵੀ ਚਰਚਾ ਹੈ ਕਿ ਫਿਲਹਾਲ ਗਿ. ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਰਹਿਣ ਦਿਤਾ ਜਾਵੇਗਾ ਤੇ ਉਨ੍ਹਾਂ ਤੋਂ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਵਾਪਸ ਲੈ ਲਿਆ ਜਾਵੇਗਾ। ਜਥੇਦਾਰ ਸਾਹਿਬ ਦੀ ਬਿਆਨਬਾਜ਼ੀ ਵੀ ਪਾਰਟੀ ਨੇਤਾਵਾਂ ਨੂੰ ਤੰਗ ਕਰ ਰਹੀ ਹੈ ਜਿਨ੍ਹਾਂ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਮ ਸਿੱਖਾਂ ਦਾ ਹੈ ਪਰ ਇਸ ’ਤੇ ਕਾਬਜ਼ ਧਨਾਢ ਵਰਗ ਹੈ। ਉਨ੍ਹਾਂ ਦੀ ਭਾਜਪਾ ਤੇ ਆਮ ਆਦਮੀ ਪਾਰਟੀ ਨਾਲ ਸਾਂਝ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੁਖੀ ਹੈ। ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ਦੀ ਮੰਗਣੀ ’ਚ ਅਸ਼ੀਰਵਾਦ ਦੇਣ ਗਏ ਜਥੇਦਾਰ ਬੜੀ ਬੁਰੀ ਤਰ੍ਹਾਂ ਫਸ ਗਏ ਹਨ। ਉਨ੍ਹਾਂ ਦੀ ਦੇਸ਼ ਦੇ ਸ਼ਕਤੀਸ਼ਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਜ਼ਦੀਕੀਆਂ ਤੋਂ ਵੀ ਪਾਰਟੀ ਨਾਰਾਜ਼ ਹੈ ਜਿਨ੍ਹਾਂ ਸਿੱਖ ਕੌਮ ਦੇ ਸਰਬ ਉਚ ਧਾਰਮਕ ਨੇਤਾ ਨੂੰ ਕੇਂਦਰ ਵਲੋਂ ਸੁਰੱਖਿਆ ਛਤਰੀ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ: ਬੇਟੀਆਂ ਦੀ ਬੇਪਤੀ ਤੇ ਬੇਹੁਰਮਤੀ ਪ੍ਰਤੀ ਆਮ ਹਿੰਦੁਸਤਾਨੀ ਕਿੰਨਾ ਬੇਪ੍ਰਵਾਹ ਹੈ, ਇਹ ਦਿੱਲੀ ਵਿਚ ਪਹਿਲਵਾਨਣ ਕੁੜੀਆਂ ਦੇ ਧਰਨੇ ਕੋਲ ਜਾ ਕੇ ਵੇਖੋ!
ਸੱਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਸਬੰਧ ਬੜੇ ਬੁਰੀ ਤਰ੍ਹਾਂ ਵਿਗੜੇ ਹੋਏ ਹਨ ਜਿਨ੍ਹਾਂ ਤੋਂ ਖ਼ੁਦ ਜਥੇਦਾਰ ਸਾਹਿਬ ਵਾਕਫ਼ ਹਨ ਪਰ ਇਸ ਦੇ ਬਾਵਜੂਦ ਉਹ ਇਨ੍ਹਾਂ ਨਾਲ ਤਾਲਮੇਲ ਰਖ ਰਹੇ ਹਨ। ਬਾਦਲ ਦਲ ਦੇ ਵੱਡੇ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਸੱਭ ਤੋਂ ਪਹਿਲਾਂ ਜਥੇਦਾਰ ਦੀ ਵਿਰੋਧਤਾ ਕੀਤੀ ਸੀ ਕਿ ਉਨ੍ਹਾਂ ਰਾਘਵ ਚੱਢਾ ਪ੍ਰਨੀਤੀ ਚੋਪੜਾ ਦੇ ਵਿਆਹ ਸਮਾਗਮ ’ਚ ਸ਼ਮੂਲੀਅਤ ਕਰ ਕੇ ਸਿੱਖ ਮਰਿਆਦਾ ਦਾ ਘਾਣ ਕੀਤਾ ਹੈ। ਇਸ ਤੋਂ ਬਾਅਦ ਜਥੇਦਾਰ ’ਤੇ ਦੋਸ਼ ਲੱਗਣ ਲਗ ਪਏ।
ਸਿੱਖ ਮਾਹਰਾਂ ਮੁਤਾਬਕ ਬਾਦਲ ਦਲ ਦੇ ਸਿਆਸੀ ਸਬੰਧ ਭਾਜਪਾ ਅਤੇ ਆਪ ਨਾਲ ਵਿਗੜੇ ਹੋਣ ਕਰ ਕੇ ਜਥੇਦਾਰ ਦੀਆਂ ਇਨ੍ਹਾਂ ਪਾਰਟੀਆਂ ਨਾਲ ਨਜ਼ਦੀਕੀਆਂ ਬਰਦਾਸ਼ਤ ਨਹੀਂ ਹੋ ਰਹੀਆਂ। ਜੇਕਰ ਭਾਜਪਾ ਨਾਲ ਹੀ ਸਬੰਧ ਪਹਿਲਾਂ ਵਰਗੇ ਰਹਿੰਦੇ ਤਾਂ ਫਿਰ ਕੋਈ ਵੀ ਵਿਵਾਦ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਦੇ ਰਾਜ਼ਸੀ ਵਿਰੋਧੀ, ਦੇਸ਼ ਦੇ ਗÇ੍ਰਹ ਮੰਤਰੀ ਅਤੇ ਪੰਜਾਬ ਸਰਕਾਰ ਨਾਲ ਸਬੰਧ ਜਥੇਦਾਰ ਦੇ ਬੜੇ ਵਧੀਆ ਹੋਣ, ਇਹ ਹਜ਼ਮ ਨਹੀਂ ਹੋ ਸਕਦਾ। ਦੂਸਰਾ ਸਿੱਖ ਯੂਥ ਤੇ ਐਨਐਸਏ ਲੱਗਣ ਤੇ ਗਿ੍ਰਫ਼ਤਾਰੀਆਂ ਵਿਰੁਧ ਮੁੱਖ ਮੰਤਰੀ ਤੇ ਜਥੇਦਾਰ ਆਹਮੋ-ਸਾਹਮਣੇ ਆ ਗਏ ਸਨ ਪਰ ਬਾਅਦ ਵਿਚ ਸੁਲਾਹ ਹੋ ਜਾਣੀ ਵੀ ਬੜੀ ਹੈਰਾਨੀਜਨਕ ਹੈ ਜੋ ਕੁੱਝ ਨੇਤਾਵਾਂ ਲਈ ਬੁਰੀ ਖ਼ਬਰ ਹੈ।