
ਸਕੂਲੋਂ ਵਾਪਸ ਆਉਂਦਿਆਂ ਰਸਤੇ 'ਚ ਪਿਓ-ਪੁੱਤ ਤੇ ਭਤੀਜੇ ਨਾਲ ਵਾਪਰਿਆ ਸੀ ਹਾਦਸਾ
ਤੇਜ਼ ਰਫ਼ਤਾਰ ਟ੍ਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ
ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਬੀਤੇ ਦਿਨੀ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰੇ ਹਾਦਸੇ ਦੌਰਾਨ ਇਕ 12 ਸਾਲਾ ਵਿਦਿਆਰਥੀ ਅਰਸ਼ ਦੀ ਮੌਤ ਹੋ ਗਈ ਸੀ ਜਦ ਕਿ ਮ੍ਰਿਤਕ ਅਰਸ਼ ਦਾ ਪਿਤਾ ਰਾਜੇਸ਼ ਕੁਮਾਰ ਉਰਫ਼ ਲਵਲੀ ਤੇ ਉਸ ਦਾ ਚਚੇਰਾ ਭਰਾ ਨਿਤਿਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਵਿਦਿਆਰਥੀ ਅਰਸ਼ ਦੇ ਪਿਤਾ ਲਵਲੀ ਦੀ ਵੀ ਮੌਤ ਹੋ ਗਈ ਜਿਸ ਕਰ ਕੇ ਮੁਹੱਲੇ (ਨੇੜੇ ਐਚ.ਪੀ. ਗੈਸ ਗਡਾਊਨ) ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਤਾਂ ਇਹ 2000 ਰੁਪਏ ਦਾ ਧਮਾਕਾ ਨਹੀਂ ਸੀ ਬਲਕਿ ਇਕ ਅਰਬ ਭਾਰਤੀਆਂ ਨਾਲ ਇਕ ਅਰਬ ਡਾਲਰ ਦਾ ਧੋਖਾ ਸੀ : ਮਮਤਾ ਬੈਨਰਜੀ
ਜ਼ਿਕਰਯੋਗ ਹੈ ਕਿ 35 ਕੁ ਸਾਲ ਦਾ ਲਵਲੀ ਅਪਣੇ ਪੁੱਤਰ ਅਤੇ ਭਤੀਜੇ ਨੂੰ ਸਕੂਲੋਂ ਮੋਟਰਸਾਈਕਲ ’ਤੇ ਘਰ ਲੈ ਕੇ ਆ ਰਿਹਾ ਸੀ ਕਿ ਦਾਨੇਵਾਲਾ ਚੌਕ ਵਿਚ ਛਾਪਿਆਂਵਾਲੀ ਵਾਲੇ ਪਾਸੇ ਤੋਂ ਆ ਟਰੈਕਟਰ ਟਰਾਲੇ ਜੋ ਮਿੱਟੀ ਨਾਲ ਭਰਿਆ ਹੋਇਆ ਸੀ, ਨੇ ਮੋਟਰਸਾਈਕਲ ਨੂੰ ਦਰੜ ਦਿਤਾ। ਜਿਸ ਕਰ ਕੇ ਵਿਦਿਆਰਥੀ ਅਰਸ਼ ਦੀ ਮੌਤ, ਤੇ ਅਰਸ਼ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਹੁਣ ਉਨ੍ਹਾਂ ਦੀ ਵੀ ਮੌਤ ਹੋ ਗਈ।
ਅੰਤਾਂ ਦੇ ਸੋਗ ਵਿਚ ਡੁੱਬੇ ਮ੍ਰਿਤਕ ਦੇ ਭਰਾ ਬਿੱਟੂ ਕੁਮਾਰ ਤੇ ਹੋਰ ਪ੍ਰਵਾਰਕ ਮੈਂਬਰਾਂ ਨੇ ਰੋਂਦੇ ਕੁਰਲਾਉਂਦਿਆਂ ਇਹ ਵੀ ਕਿਹਾ ਕਿ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਉਹਨਾਂ ਦਾ ਘਰ ਉਜਾੜਨ ਵਾਲੇ ਡਰਾਈਵਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਪੁਲਿਸ ਨੇ ਦਸਿਆ ਕਿ ਟ੍ਰੈਕਟਰ ਕਬਜ਼ੇ ਵਿਚ ਲੈ ਕੇ ਡਰਾਈਵਰ ਵਿਰੁਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ।