
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਹਰਿਮੰਦਰ ਸਾਹਿਬ) ਦੇ ਕੰਪਲੈਕਸ ਦੇ ਅੰਦਰ ਕੋਈ ਏ.ਡੀ. ਗੰਨ ਜਾਂ ਕੋਈ ਹੋਰ ਏ.ਡੀ. ਸਰੋਤ ਤਾਇਨਾਤ ਨਹੀਂ ਕੀਤਾ ਗਿਆ ਸੀ।
Golden Temple Complex: ਫੌਜ ਨੇ ਕਿਹਾ ਹੈ ਕਿ ਆਪਰੇਸ਼ਨ ਸੰਧੂਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਹਵਾਈ ਰੱਖਿਆ ਬੰਦੂਕ ਜਾਂ ਕੋਈ ਹੋਰ ਹਵਾਈ ਰੱਖਿਆ ਸਰੋਤ ਤਾਇਨਾਤ ਨਹੀਂ ਕੀਤਾ ਗਿਆ ਸੀ। ਫ਼ੌਜ ਦਾ ਇਹ ਸਪਸ਼ਟੀਕਰਨ ਫ਼ੌਜੀ ਹਵਾਈ ਸੁਰੱਖਿਆ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਸੁਮੇਰ ਇਵਾਨ ਡੀ’ਕੂਨਹਾ ਵਲੋਂ ਇਕ ਖ਼ਬਰ ਏਜੰਸੀ ਨੂੰ ਦਿਤੀ ਇੰਟਰਵਿਊ ਦੇ ਮੱਦੇਨਜ਼ਰ ਆਇਆ ਹੈ।
ਲੈਫ਼ਟੀਨੈਂਟ ਸੁਮੇਰ ਨੇ ਇੰਟਰਵਿਊ ’ਚ ਆਪਰੇਸ਼ਨ ਸੰਧੂਰ ਬਾਰੇ ਬੋਲਦਿਆਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਸੰਭਾਵਤ ਡਰੋਨ ਅਤੇ ਮਿਜ਼ਾਈਲ ਖਤਰਿਆਂ ਦਾ ਮੁਕਾਬਲਾ ਕਰਨ ਲਈ ਫ਼ੌਜ ਨੂੰ ਹਰਿਮੰਦਰ ਸਾਹਿਬ ’ਚ ਹਵਾਈ ਸੁਰੱਖਿਆ ਬੰਦੂਕਾਂ ਤਾਇਨਾਤ ਕਰਨ ਦੀ ਇਜਾਜ਼ਤ ਦਿਤੀ ਸੀ। ਹਾਲਾਂਕਿ ਇਹ ਖਬਰ ਫੈਲਣ ਮਗਰੋਂ ਖ਼ੁਦ ਫ਼ੌਜ ਨੇ ਬਿਆਨ ਜਾਰੀ ਕਰ ਕੇ ਇਸ ਦਾ ਖੰਡਨ ਕੀਤਾ ਅਤੇ ਕਿਹਾ, ‘‘ਸ੍ਰੀ ਹਰਿਮੰਦਰ ਸਾਹਿਬ ’ਚ ਏ.ਡੀ. ਬੰਦੂਕਾਂ ਦੀ ਤਾਇਨਾਤੀ ਨੂੰ ਲੈ ਕੇ ਕੁੱਝ ਮੀਡੀਆ ਰੀਪੋਰਟਾਂ ਫੈਲ ਰਹੀਆਂ ਹਨ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਹਰਿਮੰਦਰ ਸਾਹਿਬ) ਦੇ ਕੰਪਲੈਕਸ ਦੇ ਅੰਦਰ ਕੋਈ ਏ.ਡੀ. ਗੰਨ ਜਾਂ ਕੋਈ ਹੋਰ ਏ.ਡੀ. ਸਰੋਤ ਤਾਇਨਾਤ ਨਹੀਂ ਕੀਤਾ ਗਿਆ ਸੀ।’’