
ਸਥਾਨਕ ਸ਼ਹਿਰ ਵਿਚ ਕਈ ਸਾਲਾਂ ਤੋਂ ਬੈਠੇ ਬਾਗੜੀ ਲੁਹਾਰ ਅਪਣੀ ਜ਼ਿੰਦਗੀ ਰੱਬ ਆਸਰੇ ਜਿਊਣ ਲਈ ਮਜਬੂਰ ਹਨ.....
ਖਨੌਰੀ : ਸਥਾਨਕ ਸ਼ਹਿਰ ਵਿਚ ਕਈ ਸਾਲਾਂ ਤੋਂ ਬੈਠੇ ਬਾਗੜੀ ਲੁਹਾਰ ਅਪਣੀ ਜ਼ਿੰਦਗੀ ਰੱਬ ਆਸਰੇ ਜਿਊਣ ਲਈ ਮਜਬੂਰ ਹਨ। ਇÎਨ੍ਹਾਂ ਨੂੰ ਮਾਰਕੀਟ ਕਮੇਟੀ ਦੀ ਖ਼ਾਲੀ ਪਈ ਗੰਦਗੀ ਭਰੀ ਜ਼ਮੀਨ ਉਪਰ ਝੌਂਪੜੀਆਂ ਵਿਚ ਰਹਿਣਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਝੌਪੜੀਆਂ ਵਿਚ ਵਸਦੇ ਪਟਿਆਲਵੀ ਚੰਦ, ਸਰਬਰਤੀ ਰਾਣੀ ਅਤੇ ਹੋਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਇਥੇ ਰਹਿੰਦਿਆਂ ਲਗਭਗ 25-30 ਸਾਲ ਹੋ ਗਏ ਹਨ ਪਰ ਨਗਰ ਪੰਚਾਇਤ ਕੋਈ ਸਾਰ ਨਹੀਂ ਲੈਂਦੀ। ਉਨ੍ਹਾਂ ਦਸਿਆ ਕਿ ਖਨੌਰੀ ਪੰਚਾਇਤ ਵਿਚ ਉਨ੍ਹਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ ਪਰ ਨਗਰ ਪੰਚਾਇਤ ਦੇ ਕੌਂਸਲਰ ਸਿਰਫ਼ ਵੋਟਾਂ ਮੰਗਣ ਹੀ ਆਉਂਦੇ ਹਨ
ਅਤੇ ਵੋਟਾਂ ਪੈਣ ਤੋਂ ਬਾਅਦ ਕੋਈ ਪੁੱਛ-ਪੜਤਾਲ ਨਹੀਂ ਕਰਦੇ। ਅੱਜ ਤਕ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਦਿਤੀ ਗਈ। ਕੋਈ ਪੀਲਾ ਕਾਰਡ ਨਹੀਂ ਬਣਵਾਇਆ Îਗਿਆ ਅਤੇ ਨਾ ਹੀ ਕੋਈ ਆਟਾ-ਦਾਲ ਸਕੀਮ ਦਾ ਕਾਰਡ ਜਾਂ ਪੈਨਸ਼ਨ ਲਗਵਾਈ ਹੈ। ਲੋਹੇ ਦਾ ਛੋਟਾ-ਮੋਟਾ ਸਾਮਾਨ ਜਿਵੇਂ ਚਿਮਟੇ, ਖੁਰਚਣੇ, ਝਰਨੀਆਂ,ਤਵੇ ਵਗੈਰਾ ਬਣਾ ਕੇ ਅਪਣਾ ਜੀਵਨ ਬਸਰ ਕਰ ਰਹੇ ਹਾਂ। ਪਰ ਨਵਾਂ ਜ਼ਮਾਨਾ ਹੋਣ ਕਰਕੇ ਇਹ ਕੰਮ ਵੀ ਠੱਪ ਹੋ ਗਿਆ ਹੈ। ਹੋਰ ਕੋਈ ਕੰਮ ਨਾ ਹੋਣ ਕਰਕੇ ਭੁਖਮਰੀ ਵਰਗੇ ਹਾਲਾਤ ਬਣੇ ਹੋਏ ਹਨ। ਹੁਣ ਗੁਰਦਵਾਰਾ ਸਾਹਿਬ ਤੋਂ ਖਾਣਾ ਖਾ ਕੇ ਟਾਈਮ ਪਾਸ ਕਰ ਰਹੇ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ, ''ਅਸੀ ਚਿਤੌੜ ਦੇ ਰਾਜਾ ਮਹਾਰਾਣਾ ਪ੍ਰਤਾਪ ਦੇ ਵੰਸ਼ ਵਿਚੋਂ ਰਾਜਪੂਤ ਬਰਾਦਰੀ ਨਾਲ ਸਬੰਧਤ ਹਾਂ। ਅੱਜ-ਕੱਲ ਕੰਮ ਧੰਦੇ ਠੱਪ ਹੋਣ ਕਰ ਕੇ ਪ੍ਰਮਾਤਮਾ ਵਲੋਂ ਦਿਤੇ ਸਾਹ ਹੀ ਕੋਲ ਹਨ, ਜਿਨ੍ਹਾਂ ਦਾ ਕੋਈ ਭਰਵਾਸਾ ਨਹੀਂ ਹੁੰਦਾ। ਨਗਰ ਪੰਚਾਇਤ ਨੇ ਅੱਜ ਤੱਕ ਸਾਨੂੰ ਰਹਿਣ ਵਾਸਤੇ ਜ਼ਮੀਨ ਵੀ ਅਲਾਟ ਨਹੀਂ ਕੀਤੀ। ਅਸੀ ਮਾਰਕੀਟ ਕਮੇਟੀ ਦੀ ਖਾਲੀ ਪਈ ਜਮੀਨ 'ਤੇ ਰਹਿ ਰਹੇ ਹਾਂ। ਉਥੇ ਸ਼ਹਿਰ ਦੀ ਅਨਾਜ਼ ਮੰਡੀ ਤੋਂ ਇਲਾਵਾ ਵਾਰਡ ਨੰਬਰ 10 ਅਤੇ 11 ਦਾ ਸਾਰਾ ਗੰਦਾ ਪਾਣੇ ਆ ਕੇ ਖੜਾ ਹੋ ਜਾਂਦਾ ਹੈ ਅਤੇ ਦੋ-ਦੋ ਮਹੀਨੇ ਮੀਂਹ ਦਾ ਪਾਣੀ ਖੜਾ ਰਹਿੰਦਾ ਹੈ।
ਇਸ ਗੰਦੇ ਪਾਣੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।'' ਉਨ੍ਹਾਂ ਦਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਇਕ ਵਿਅਕਤੀ ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ। ਸਰਕਾਰ ਵੀ ਸਿਰਫ਼ ਅਮੀਰਾਂ ਦੀ ਸੁਣਦੀ ਹੈ, ਗਰੀਬਾਂ ਦੀ ਅੱਜ ਕੱਲ ਕੋਈ ਸੁਣਵਾਈ ਨਹੀਂ ਹੁੰਦੀ। ਸਿਰਫ਼ ਵੋਟ ਬੈਂਕ ਹੀ ਸਮਝਿਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਰਹਿਣ ਵਾਸਤੇ ਜ਼ਮੀਨ ਦਿਤੀ ਜਾਵੇ ਤਾਂ ਜੋ ਅਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰ ਸਕਣ।