
ਬਰਤਾਨਵੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਏਅਰ ਇੰਡੀਆ ਵੱਲੋਂ ਮੁੰਬਈ ਤੋਂ ਲੰਦਨ ਲਈ ਸ਼ੁਰੂ ਕੀਤੀ ਪਹਿਲੀ ਉਡਾਨ ਦੀ 70ਵੀਂ ਵਰ੍ਹੇਗੰਢ....
ਚੰਡੀਗੜ੍ਹ : ਬਰਤਾਨਵੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਏਅਰ ਇੰਡੀਆ ਵੱਲੋਂ ਮੁੰਬਈ ਤੋਂ ਲੰਦਨ ਲਈ ਸ਼ੁਰੂ ਕੀਤੀ ਪਹਿਲੀ ਉਡਾਨ ਦੀ 70ਵੀਂ ਵਰ੍ਹੇਗੰਢ ਮੌਕੇ ਦਿੱਲੀ ਤੋਂ ਲੰਦਨ ਪੁੱਜੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਸਮੇਤ ਇਸਦੇ ਡਾਇਰੈਕਟਰ ਇੰਟਰਨੈਸ਼ਨਲ ਆਪ੍ਰੇਸ਼ਨਜ਼ ਕੈਪਟਨ ਅਰਵਿੰਦ ਕਠਪਾਲੀਆ ਨਾਲ ਲੰਡਨ ਵਿੱਚ ਉਚੇਚੀ ਮੁਲਾਕਾਤ ਕਰਕੇ ਹੀਥਰੋ (ਯੂ.ਕੇ.) ਤੋਂ ਅੰਮ੍ਰਿਤਸਰ ਤੱਕ ਸਿੱਧੀ ਹਵਾਈ ਉਡਾਣ ਮੁੜ੍ਹ ਸ਼ੁਰੂ ਕਰਨ ਦੀ ਮੰਗ ਕੀਤੀ।
ਇਹ ਜਾਣਕਾਰੀ ਦਿੰਦਿਆਂ ਢੇਸੀ ਨੇ ਦੱਸਿਆ ਕਿ ਉਨਾਂ ਨੇ ਭਾਰਤੀ ਹਵਾਈ ਸੇਵਾ 'ਏਅਰ ਇੰਡੀਆ' ਦੇ ਸੀਨੀਅਰ ਅਧਿਕਾਰੀਆਂ ਨੂੰ ਪੰਜਾਬੀ ਭਾਈਚਾਰੇ ਵੱਲੋਂ ਚਿਰਾਂ ਤੋਂ ਹੀਥਰੋ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਕੀਤੀ ਜਾ ਰਹੀ ਮੰਗ ਦੁਹਰਾਈ ਅਤੇ ਇਸ ਸਬੰਧੀ ਹੁਣ ਤੱਕ ਹੋਈ ਗੱਲਬਾਤ ਅਤੇ ਪ੍ਰਗਤੀ ਸਬੰਧੀ ਜਾਣਕਾਰੀ ਅਦਾਨ-ਪ੍ਰਦਾਨ ਕੀਤੀ। ਉਨਾਂ ਕਿਹਾ ਕਿ ਕੈਪਟਨ ਕਠਪਾਲੀਆ ਨੇ ਭਰੋਸਾ ਦਿੱਤਾ ਕਿ ਉਨਾਂ ਇਸ ਉਡਾਣ ਨਾਲ ਸਬੰਧਤ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ ਅਤੇ ਖਾਸ ਤੌਰ 'ਤੇ ਉਨਾਂ ਯੂ.ਕੇ. ਤੇ ਯੂਰਪ ਦੇ ਖੇਤਰੀ ਮੈਨੇਜਰ ਦੇਬਾਸ਼ੀਸ ਗੋਲਡਰ ਨਾਲ ਵੀ ਇਸ ਉਡਾਨ ਸਬੰਧੀ ਵਿਚਾਰਾਂ ਕੀਤੀਆਂ ਹਨ।
ਉਨਾਂ ਦੱਸਆ ਕਿ ਕਠਪਾਲੀਆ ਨੇ ਭਰੋਸਾ ਦਿੱਤਾ ਹੈ ਕਿ ਨਵੀਂ ਦਿੱਲੀ ਸਥਿਤ ਏਅਰ ਇੰਡੀਆ ਦੇ ਉਚ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਬਹੁਤ ਜਲਦ ਹੀ ਇਨਾਂ ਦੋਵੇਂ ਮਹੱਤਵਪੂਰਨ ਸੈਰ-ਸਪਾਟਾ ਕੇਂਦਰਾਂ ਨੂੰ ਸਿੱਧੇ ਹਵਾਈ ਸੰਪਰਕ ਰਾਹੀਂ ਜੋੜਨ ਲਈ ਫੈਸਲਾ ਲਿਆ ਜਾਵੇਗਾ। ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਢੇਸੀ ਪਹਿਲਾਂ ਹੀ ਲੰਦਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਸ਼ੁਰੂ ਕਰਾਉਣ ਸਬੰਧੀ ਬਰਤਾਨੀਆਂ ਦੇ ਸੰਸਦ ਮੈਂਬਰਾਂ ਸਮੇਤ ਭਾਰਤ ਦੇ ਸੰਸਦ ਮੈਂਬਰਾਂ ਦੀ ਹਮਾਇਤ ਵੀ ਹਾਸਲ ਕਰ ਚੁੱਕੇ ਹਨ।
ਉਨਾਂ ਕੈਪਟਨ ਕਠਪਾਲੀਆ ਨੂੰ ਦੱਸਿਆ ਕਿ ਹੀਥਰੋ-ਅੰਮ੍ਰਿਤਸਰ ਵਿਚਾਲੇ ਸਿੱਧੀ ਉਡਾਨ ਨਾ ਹੋਣ ਕਾਰਨ ਵੀ ਹਰ ਸਾਲ ਤਕਰੀਬਨ 1,88,869 ਯਾਤਰੀ (517 ਪ੍ਰਤੀ ਦਿਨ) ਸ੍ਰੀ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਤੋਂ ਯੂਕੇ ਤੱਕ ਯਾਤਰਾ ਕਰਦੇ ਹਨ।