ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ’ਚ ਜਲਦ ਹੋਣਗੇ ਮੁੜ ਸਰਗਰਮ
Published : Jun 20, 2020, 8:43 am IST
Updated : Jun 20, 2020, 8:55 am IST
SHARE ARTICLE
Navjot Singh Sidhu
Navjot Singh Sidhu

ਉਪ ਮੁੱਖ ਮੰਤਰੀ ਦੀ ਕੁਰਸੀ ’ਚ ‘ਭਾਈਚਾਰਕ ਅੜਿੱਕਾ’ 

ਚੰਡੀਗੜ੍ਹ, 19 ਜੂਨ (ਨੀਲ ਭਲਿੰਦਰ ਸਿੰਘ) : ਕਾਂਗਰਸ ਦੇ ਸਿਆਸੀ ਇਕਾਂਤਵਾਸ ਵਿਚ ਚੱਲ ਰਹੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਬੜੀ ਜਲਦੀ ਹੀ ਮੁੜ ਸਰਗਰਮ ਹੋਣ ਜਾ ਰਹੇ ਹਨ। ਇਸ ਸਬੰਧ ਵਿਚ ਕੁੱਝ ਦਿਨ ਪਹਿਲਾਂ ਸਿੱਧੂ ਦਿੱਲੀ ਦਰਬਾਰ ਵਿਚ ਵੀ ਫੇਰੀ ਪਾ ਕੇ ਆ ਚੁੱਕੇ ਦੱਸੇ ਜਾ ਰਹੇ ਹਨ। 

ਇਸ ਸਬੰਧੀ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਪਾਰਟੀ ਵਲੋਂ ਇੰਚਾਰਜ ਅਤੇ ਹਿਮਾਚਲ ਕਾਂਗਰਸ ਦੀ ਨੇਤਾ ਆਸ਼ਾ ਕੁਮਾਰੀ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੁਫ਼ਤਗੂ ਹੋ ਚੁੱਕੀ ਹੈ। ਜਿਸ ਦੌਰਾਨ ਕੁਮਾਰੀ ਵਲੋਂ ਸਿੱਧੂ ਬਾਰੇ ਹਾਈਕਮਾਨ ਦਾ ਰੁਖ ਕੈਪਟਨ ਕੋਲ ਸਪੱਸ਼ਟ ਕੀਤਾ ਜਾ ਚੁੱਕਾ ਹੈ।
ਸੂਤਰਾਂ ਮੁਤਾਬਕ ਆਲਾਕਮਾਨ ਨਾਲ ਤਾਜ਼ਾ ਚਰਚਾ ਦੌਰਾਨ ਸਿੱਧੂ ਪੰਜਾਬ ਵਿਚ ਸਰਕਾਰ ਅੰਦਰ ਮੁੜ ਸਰਗਰਮ ਹੋਣ ਲਈ ਘੱਟੋ-ਘੱਟ ਉਪ ਮੁੱਖ ਮੰਤਰੀ ਦੇ ਅਹੁਦੇ ਉੱਤੇ ਅੜੇ ਹੋਏ ਰਹੇ ਹਨ।

ਮੁੱਖ ਮੰਤਰੀ ਖੇਮੇ ਨਾਲ ਸਬੰਧਤ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਅਪਣਾ ਨਾਮ ਗੁਪਤ ਰਖਦਿਆਂ ਇਸ਼ਾਰਾ ਦਿਤਾ ਹੈ ਕਿ ਪੰਜਾਬ ਵਿਚ ਕਾਂਗਰਸ ਦੇ ਹੋਰਨਾਂ ਵੱਖ-ਵੱਖ ਵਰਗਾਂ ਵਲੋਂ ਇਕ ਗੱਲ ’ਤੇ ਸਹਿਮਤੀ ਪੂਰਵਕ ਸੁਝਾਅ ਦਿਤਾ ਜਾ ਰਿਹਾ ਹੈ ਕਿ ਸੂਬੇ ਅੰਦਰ ਜੱਟ ਪਿਛੋਕੜ ਤੋਂ ਪਹਿਲਾਂ ਹੀ ਮੁੱਖ ਮੰਤਰੀ ਹੁੰਦੇ ਹੋਏ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਇਸੇ ਪਿਛੋਕੜ ਵਾਲੇ ਨੇਤਾ ਨੂੰ ਜਿਹੜਾ ‘ਭਾਈਚਾਰਕ ਅੜਿੱਕਾ’ ਪੈਦਾ ਕਰ ਸਕਦਾ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਨੁਕਤੇ ਨਿਗਾਹ ਤੋਂ ਕੈਪਟਨ ਕੈਂਪ ਹਾਈਕਮਾਨ ਨੂੰ ਇਹ ਗੱਲ ਜਚਾਉਣ ਵਿਚ ਕਾਫ਼ੀ ਹੱਦ ਤਕ ਸਫ਼ਲ ਵੀ ਹੋ ਗਿਆ ਹੈ ਕਿ ਸਰਕਾਰ ਦੇ ਦੋਵੇਂ ਸਿਖਰਲੇ ਮੁਕਾਮ ਸਿਰਫ਼ ਤੇ ਸਿਰਫ਼ ਜੱਟ ਪਿਛੋਕੜ ਵਾਲੇ ਨੇਤਾਵਾਂ ਨੂੰ ਹੀ ਨਿਵਾਜ ਦੇਣਾ ਸਿਆਸੀ ਤੌਰ ’ਤੇ ਰਤਾ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ। 

ਜਾਣਕਾਰੀ ਮੁਤਾਬਕ ਅਜਿਹੇ ਵਿਚ ਹਾਈਕਮਾਨ ਦੇ ਦਬਾਅ ਅਤੇ ਸੂਬੇ ਦੀ ਮੌਜੂਦਾ ਸਿਆਸੀ ਅਸਥਿਰਤਾ ਵਾਲੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਮੁੜ ਉਨ੍ਹਾਂ ਦਾ ਖੋਹਿਆ ਸਥਾਨਕ ਸਰਕਾਰਾਂ ਵਿਭਾਗ ਦੇਣ ਲਈ ਅਪਣੀ ਸਹਿਮਤੀ ਵੀ ਜ਼ਾਹਰ ਕਰ ਦਿਤੀ ਹੈ। ਪਰ ਡਿਪਟੀ ਸੀਐਮ ਦੀ ਥਾਂ ਸਿੱਧੂ ਨੂੰ ਹੁਣ ਕੈਬਨਿਟ ਮੰਤਰੀ ਵਜੋਂ ਮੁੜ ਪੁਰਾਣੀ ਮਹਿਕਮੇ ਸਣੇ ਬਹਾਲ ਕਰਨ ਦੇ ਨਾਲ-ਨਾਲ ਆਗਾਮੀ ਸੂਬਾਈ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀ ਅਗਵਾਈ ਸੌਂਪਣ ਦੇ ਫਾਰਮੂਲੇ ’ਤੇ ਕੰਮ ਕੀਤਾ ਜਾ ਰਿਹਾ ਹੈ।

ਕਿਉਂਕਿ ਪੂਰੇ ਦੇਸ਼ ਵਿਚ ਲਗਭਗ ਹਾਸ਼ੀਏ ’ਤੇ ਆਉਂਦੀ ਜਾ ਰਹੀ ਕਾਂਗਰਸ ਪਾਰਟੀ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਉਮੀਦਾਂ ਹਨ। ਖਾਸਕਰ ਉਦੋਂ ਜਦੋਂ ਪੰਜਾਬ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਮਾਹੌਲ ਵਾਂਗ ਮੁੜ ਸਿਆਸੀ ਅਸਥਿਰਤਾ ਅਤੇ ਅਨਿਸ਼ਚਿਤਤਾ ਵਿਚ ਗ੍ਰਸਤ ਹੁੰਦਾ ਜਾ ਰਿਹਾ ਹੈ। 
ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੂੰ ਮੁੜ ਸਰਗਰਮ ਕਰਨ ਦੀ ਲੋੜ ਅਚਾਨਕ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਉਮੀਦਵਾਰ ਵਜੋਂ ਜਾਣ ਦੀ ਮੰਗੀ ਚਰਚਾ ’ਚੋਂ ਜਨਮੀ ਹੈ। ਸਿਆਸੀ ਨਜ਼ਰੀਏ ਤੋਂ ਪੰਜਾਬ ਵਿਚ ਤੀਲਾ ਤੀਲਾ ਹੋਈ ਪਈ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਲਈ ਸਿੱਧੂ ਦੇ ਨਾਮ ਨੂੰ ਹੀ ਸੰਜੀਵਨੀ ਬੂਟੀ ਮੰਨਿਆ ਜਾ ਰਿਹਾ ਹੈ। 

Navjot Singh SidhuNavjot Singh Sidhu

ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਵਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਵਿੱਢੇ ਗਏ ‘ਸਪੀਕਅਪ ਇੰਡੀਆ’ ਡਿਜੀਟਲ ਪ੍ਰੋਗਰਾਮ ’ਚ 28 ਜੂਨ ਨੂੰ ਪ੍ਰਵਾਸੀ ਭਾਰਤੀਆਂ ਦੇ ਮੁਖਾਤਬ ਹੋਣ ਤੋਂ ਪਹਿਲਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਮੁੜ ਪੰਜਾਬ ਕਾਂਗਰਸ ਚ ਸਰਗਰਮ ਹੋਣ ਬਾਰੇ ਕੈਪਟਨ ਅਤੇ ਸਿੱਧੂ ਦਰਮਿਆਨ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਲੈਣ ਦੀ ਇੱਛੁਕ ਹੈ। ਪਰਵਾਸੀ ਪੰਜਾਬੀਆਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਹਰਮਨ ਪਿਆਰਤਾ ਦੇ ਪੈਮਾਨੇ ਮੁਤਾਬਕ ਹੀ ਪਾਰਟੀ ਸਿੱਧੂ ਨੂੰ ਕਿਸੇ ਹੋਰ ਸਿਆਸੀ ਪਾਰਟੀ ਵਿਚ ਛਲਾਂਗ ਮਾਰਨ ਤੋਂ ਰੋਕਦੇ ਹੋਏ ਕਾਂਗਰਸ ਵਿਚ ਹੀ ਸੰਪੂਰਨ ਲਗਾਤਾਰਤਾ ਬਣਾਉਣ ਉੱਤੇ ਹੀ ਪੂਰੀ ਤਰ੍ਹਾਂ ਨਿੱਠ ਕੇ ਕੰਮ ਕਰ ਰਹੀ ਹੈ।

ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਗਲੀਆਂ ਚੋਣਾਂ ’ਚ ਪਾਰਟੀ ਦੀ ਅਗਵਾਈ ਕਰਨ ਲਈ ਖੁਦ ਦੇ ਫਿੱਟ ਹੋਣ ਦੇ ਸੰਕੇਤ ਦੁਹਰਾਉਂਦੇ ਆ ਰਹੇ ਹਨ ਪਰ ਹਾਈਕਮਾਨ ਇਨ੍ਹਾਂ ਦੋਵਾਂ ਹਰਮਨ ਪਿਆਰੇ ਨੇਤਾਵਾਂ ਦੀ ਹਰਮਨ ਪਿਆਰਤਾ ਦਾ ਸਾਂਝੇ ਤੌਰ ’ਤੇ ਲਾਹਾ ਖੱਟਣ ਤੋਂ ਖੁੰਝਣਾ ਨਹੀਂ ਚਾਹੁੰਦੀ।  ਪਾਰਟੀ ਸੂਤਰਾਂ ਮੁਤਾਬਿਕ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੂਬੇ ਚ ਸਿਆਸੀ ਅਸਥਿਰਤਾ ਦਾ ਲਾਹਾ ਖੱਟਣ ਦੀ ਕੋਸ਼ਿਸ਼ ਵਿਚ ਸਰਕਾਰ ਖ਼ਾਸਕਰ ਮੁੱਖ ਮੰਤਰੀ ਪਾਰਟੀ ਦੇ ਹਰ ਰੁੱਸੇ ਨਿੱਕੇ ਵੱਡੇ ਨੇਤਾ ਨੂੰ ਮਨਾਉਣ ’ਚ ਨਿਜੀ ਦਿਲਚਸਪੀ ਦਿਖਾ ਰਹੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਤਹਿਤ ਵੀ ਸੁਨੀਲ ਜਾਖੜ ਦੀ ਅਗਵਾਈ ਵਿਚ ਪਾਰਟੀ ਕਾਡਰ ਦੇ ਹਰ ਹਿੱਸੇ ਨੂੰ ਨੁਮਾਇੰਦਗੀ ਦੇ ਕਲਾਵੇ ਵਿੱਚ ਲਿਆਉਣ ਦੀ ਰਣਨੀਤੀ ਘੜੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement