
ਜ਼ਿਲ੍ਹੇ ਦੇ ਕੁੱਲ 336 ਪਿੰਡਾਂ ਵਿਚੋਂ 85 ਪਿੰਡਾਂ (25%) ਨੇ ODF+ ਦਰਜਾ ਕੀਤਾ ਹਾਸਲ
ਮੁਹਾਲੀ - ਜ਼ਿਲ੍ਹਾ ਐਸਏਐਸ ਨਗਰ (ਮੁਹਾਲੀ), ਬਠਿੰਡਾ ਅਤੇ ਸੰਗਰੂਰ ਤੋਂ ਬਾਅਦ ਸਵੱਛ ਭਾਰਤ ਮਿਸ਼ਨ (ਗ੍ਰਾਮੀਣ)-2 ਤਹਿਤ ‘ਗਰੀਨ ਜ਼ੋਨ’ ਸ਼੍ਰੇਣੀ ਵਿਚ ਦਾਖਲ ਹੋਣ ਵਾਲਾ ਸੂਬੇ ਦਾ ਤੀਜਾ ਜ਼ਿਲ੍ਹਾ ਬਣ ਗਿਆ ਹੈ। ਟੀਚਾ ਪ੍ਰਾਪਤ ਕਰਨ ਲਈ, ਮੋਹਾਲੀ ਦੇ ਕੁੱਲ ਪਿੰਡਾਂ ਵਿਚੋਂ 25% ਨੇ ਹੁਣ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਟੀਚੇ ਨੂੰ ਪੂਰਾ ਕਰਕੇ 'ਖੁੱਲ੍ਹੇ ਵਿਚ ਸ਼ੌਚ ਮੁਕਤ ਪਲੱਸ' (ODF+) ਦਰਜਾ ਪ੍ਰਾਪਤ ਕਰ ਲਿਆ ਹੈ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਬਾਕੀ ਰਹਿੰਦੇ 75% ਪਿੰਡਾਂ ਵਿਚ ਵੀ ਕੰਮ ਚੱਲ ਰਿਹਾ ਹੈ ਅਤੇ ਉਹਨਾਂ ਨੂੰ ਵੀ ਨਿਰਧਾਰਤ ਟੀਚੇ ਤੋਂ ਪਹਿਲਾਂ ODF+ ਦਰਜੇ ਦੇ ਅਧੀਨ ਲਿਆਂਦਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੰਬੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 336 ਪਿੰਡਾਂ ਵਿਚੋਂ 85 ਪਿੰਡਾਂ (25%) ਨੂੰ ਹੁਣ ODF+ ਐਲਾਨਿਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੇ ਪਲਾਸਟਿਕ ਦੇ ਕੂੜੇ ਦੇ ਨਾਲ-ਨਾਲ ਗਿੱਲੇ ਅਤੇ ਸੁੱਕੇ ਕੂੜੇ ਦਾ ਪ੍ਰਬੰਧਨ ਕਰਕੇ ODF+ ਦਰਜਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਮੋਹਾਲੀ ਨੂੰ ਓਡੀਐਫ+ ਸ਼੍ਰੇਣੀ ਤਹਿਤ ਗ੍ਰੀਨ ਜ਼ੋਨ ਵਿਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਵਿਭਾਗੀ ਟੀਮਾਂ ਮਿਸ਼ਨ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਵਧੇਰੇ ਉਤਸ਼ਾਹਿਤ ਹੋ ਗਈਆਂ ਹਨ।
ਬੰਬੀ ਨੇ ਕਿਹਾ ਕਿ ਇਨ੍ਹਾਂ 85 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਨੇ ਗ੍ਰੀਨ ਜ਼ੋਨ ਲਈ ਯੋਗ ਬਣਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਪਹਿਲੇ ਪੜਾਅ ਤਹਿਤ ਇਨ੍ਹਾਂ ਪਿੰਡਾਂ ਵਿਚ ਕੰਮ ਮੁਕੰਮਲ ਕਰਨ ਦੀ ਅੰਤਿਮ ਮਿਤੀ 30 ਜੂਨ ਸੀ, ਪਰ ਸਬੰਧਤ ਧਿਰਾਂ ਨੇ ਸੋਮਵਾਰ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਟੀਚਾ ਹਾਸਲ ਕਰਨ ਲਈ ਅਣਥੱਕ ਮਿਹਨਤ ਕੀਤੀ। ਇਸ ਤੋਂ ਇਲਾਵਾ 30 ਪਿੰਡਾਂ ਵਿਚ 30 ਸਕਰੀਨਿੰਗ ਚੈਂਬਰ ਵੀ ਸਿਰਫ਼ ਚਾਰ ਹਫ਼ਤਿਆਂ ਵਿਚ ਹੀ ਪੂਰੇ ਕੀਤੇ ਗਏ ਹਨ।