
- ਕੇਂਦਰ ਸਰਕਾਰ ਸਿਰਫ਼ ਗੈਰ-ਭਾਜਪਾ ਸੂਬਿਆਂ ਨੂੰ ਤੰਗ ਕਰਦੀ ਹੈ - ਮੁੱਖ ਮੰਤਰੀ
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਹੰਗਾਮੇ ਵਿਚ ਬਦਲ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਤਜਵੀਜ਼ ਰੱਖੀ ਕਿ ਜਿਸ ਕੰਮ ਲਈ ਇਹ ਸੈਸ਼ਨ ਬੁਲਾਇਆ ਗਿਆ ਹੈ, ਇੱਥੇ ਉਹੀ ਕੰਮ ਕੀਤਾ ਜਾਵੇ ਨਾ ਕਿ ਕਿਸੇ ਹੋਰ ਮੁੱਦਿਆਂ ਬਾਰੇ ਗੱਲ ਕੀਤੀ ਜਾਵੇ।
ਇਸ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਕਰਦਿਆਂ ਕਿਹਾ ਕਿ ਪਹਿਲਾਂ ਮਕਸਦ ਦੱਸਿਆ ਜਾਵੇ ਕਿ ਸੈਸ਼ਨ ਕਿਉਂ ਬੁਲਾਇਆ ਗਿਆ ਹੈ। 9 ਮਹੀਨੇ ਪਹਿਲਾਂ ਆਪਰੇਸ਼ਨ ਲੌਟਸ 'ਤੇ ਸੈਸ਼ਨ ਬੁਲਾਇਆ ਗਿਆ ਸੀ। ਇੱਥੇ ਮੁੱਖ ਮੰਤਰੀ ਨਾਲ ਵਿਧਾਇਕ ਨੇ ਗੱਲਬਾਤ ਕੀਤੀ। ਵਿਧਾਇਕਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕੀ ਹੋਇਆ?ਇਸ ਬਾਰੇ ਸੰਸਦ ਵਿਚ ਦੱਸਿਆ ਜਾਵੇ। ਸਪੀਕਰ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸੈਸ਼ਨ ਦਾ ਬਾਈਕਾਟ ਕਰ ਦਿੱਤਾ। ਇਸ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਰਕਾਰ ਹੁਣ ਤੱਕ ਇਸ ਸਬੰਧੀ ਕੋਈ ਜਵਾਬ ਕਿਉਂ ਨਹੀਂ ਦੇ ਰਹੀ? ਇਸ ਸਬੰਧੀ ਕੋਈ ਏਜੰਡਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਇਜਲਾਸ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਪਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਉਂਗਲਾਂ 'ਤੇ ਨਚਾ ਰਹੇ ਹਨ। ਇਹ ਦੋ ਦਿਨਾਂ ਸੈਸ਼ਨ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਬੁਲਾਇਆ ਗਿਆ ਹੈ।
ਵਿਧਾਨ ਸਭ ਵਿਚ ਸਭ ਤੋਂ ਪਹਿਲਾਂ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਆਰਡੀਐਫ ਫੰਡ ਕੇਂਦਰ ਸਰਕਾਰ ਕੋਲ ਬਕਾਇਆ ਹੈ। ਇਸ ਕਾਰਨ ਪੰਜਾਬ ਦੇ ਪੇਂਡੂ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਨੇ 3622 ਕਰੋੜ ਰੁਪਏ ਦੇ ਆਰਡੀਐਫ ਫੰਡ ਜਾਰੀ ਕਰਨ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿਛਲੇ 4 ਸੀਜ਼ਨਾਂ ਤੋਂ ਇਹ ਫੰਡ ਨਹੀਂ ਮਿਲਿਆ ਹੈ।
- ਕੇਂਦਰ ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਦੀ ਕਿੜ ਕੱਢ ਰਹੀ ਹੈ - ਮੀਤ ਹੇਅਰ
ਇਸ ਦੇ ਨਾਲ ਹੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਇਸ ਬਕਾਇਆ ਫੰਡ ਬਾਰੇ ਅਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਦੀ ਕਿੜ ਕੱਢ ਰਹੀ ਹੈ ਤੇ ਕੇਂਦਰ ਦਾ ਪੰਜਾਬ ਨਾਲ ਵਿਤਕਰਾ ਹਮੇਸ਼ਾਂ ਜਾਰੀ ਰਿਹਾ ਹੈ। ਉਹਨਾਂ ਵਿਰੋਧੀਆਂ 'ਤੇ ਵੀ ਕੰਜ਼ ਕੱਸਿਆ ਤੇ ਕਾਂਗਰਸ ਦੇ ਵਾਕਆਊਟ ਤੇ ਕਿਹਾ ਕਿ ਜਦੋਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਵਿਰੋਦੀ ਧਿਰ ਬੋਲਦੀ ਨਹੀਂ, ਉਸ ਸਮੇਂ ਉਹ ਵਾਕਆਊਟ ਕਰ ਦਿੰਦੀ ਹੈ।
ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਕੀਤੇ ਗਲਤ ਕੰਮਾਂ ਨੂੰ ਸੁਧਾਰ ਰਹੀ ਹੈ ਤੇ ਉਹਨਾਂ ਦੀ ਸਰਕਾਰ ਵਿਚ ਪਿਛਲੇ ਸਾਲ ਨਾਲੋਂ ਹੁਣ ਤੱਕ 40 ਫੀਸਦੀ ਰੈਵੇਨਿਊ ਵਧਿਆ ਹੈ ਜੋ ਕਿ ਪਹਿਲਾਂ ਨਹੀਂ ਵਧਿਆ। ਮੀਤ ਹੇਅਰ ਨੇ ਸਰਕਾਰ ਨੂੰ ਤੁਰੰਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ।
- ਕੇਂਦਰ ਸਰਕਾਰ ਸਿਰਫ਼ ਗੈਰ-ਭਾਜਪਾ ਸੂਬਿਆਂ ਨੂੰ ਤੰਗ ਕਰਦੀ ਹੈ - ਮੁੱਖ ਮੰਤਰੀ
ਇਸ ਦੇ ਨਾਲ ਹੀ ਆਰਡੀਐੱਫ ਫੰਡ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਆਰਡੀਐੱਫ ਦਾ ਫੰਡ ਜੋ ਕੇਂਦਰ ਨਹੀਂ ਦੇ ਰਿਹਾ, ਉਸ ਨਾਲ ਸਾਡੇ ਪੰਜਾਬ ਨੂੰ ਘਾਟਾ ਪੈ ਰਿਹਾ ਹੈ, ਕੰਮ ਕਾਰ ਰੁਰ ਗਏ ਹਨ। ਪਿਛਲੀਆਂ ਸਰਕਾਰਾਂ ਨੇ ਪਿਛਲਾ ਪੈਸਾ ਗਲਤ ਇਸਤੇਮਾਲ ਕੀਤਾ ਤੇ ਇਸ ਲਈ ਕੇਂਦਰ ਸਰਕਾਰ ਨੇ ਪੰਜਾਬ ਦਾ ਫੰਡ ਰੋਕ ਲਿਆ ਤੇ ਕਿਹਾ ਕਿ ਜੋ ਪਹਿਲਾਂ ਪੈਸਾ ਦਿੱਤਾ ਸੀ ਉਹ ਪਿਛਲੀਆਂ ਸਰਕਾਰ ਨੇ ਕਿਸੇ ਹੋਰ ਕੰਮਾਂ ਲਈ ਵਰਤ ਲਿਆ ਤੇ ਇਸ ਲਈ ਹੁਣ ਉਹ ਫੰਡ ਬੰਦ ਕਰ ਰਹੇ ਹਨ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਗੈਰ-ਭਾਜਪਾ ਸਰਕਾਰਾਂ ਨੂੰ ਹੀ ਤੰਗ ਕਰਦੀ ਹੈ ਤੇ ਉਹਨਾਂ ਨੇ ਇਹਨਾਂ ਸੂਬਿਆਂ ਨੂੰ ਤੰਗ ਕਰਨ ਲਈ ਇਖ ਗਵਰਨਰ ਰੱਖਿਆ ਹੋਇਆ ਹੈ। ਇਹਨਾਂ ਸੂਬਿਆਂ ਵਿਚ ਪੰਜਾਬ-ਦਿੱਲੀ, ਤੇਲੰਗਨਾ ਆਦਿ ਸ਼ਾਮਲ ਹਨ। ਕੇਂਦਰ ਨੇ ਮੁੱਖ ਮੰਤਰੀਆਂ ਨੂੰ ਤੰਗ ਕਰਨ ਵਾਸਤੇ ਇਕ-ਇਕ ਬੰਦਾ ਹਰ ਸੂਬੇ 'ਚ ਬਿਠਾ ਰੱਖਿਆ ਹੈ, ਜਿਸ ਨੂੰ ਰਾਜਪਾਲ ਕਹਿੰਦੇ ਹਨ। ਇਹ ਜੇਕਰ ਕਿਸੇ ਸੂਬੇ ਦੇ ਮੁੱਖ ਮੰਤਰੀ ਨਾਲ ਕੋਈ ਪੰਗਾ ਨਾ ਪਾਉਣ ਤਾਂ ਕੇਂਦਰ ਵੱਲੋਂ ਫੋਨ ਆ ਜਾਂਦਾ ਹੈ ਕਿ ਤੁਹਾਨੂੰ ਰਾਜਪਾਲ ਲਾਏ ਦਾ ਕੀ ਫ਼ਾਇਦਾ।
ਇਸ ਦੇ ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਭਾਜਾਪਾ ਕਹਿ ਕੇ ਤੰਜ਼ ਕੱਸਿਆ। ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਭਾਜਪਾ ਦੇ ਇਕੋ ਘਰ 'ਚ ਦੋ ਝੰਡੇ ਲੱਗੇ ਹੋਏ ਹਨ। ਉਪਰਲੀ ਮੰਜ਼ਿਲ 'ਤੇ ਭਾਜਪਾ ਦਾ ਤੇ ਹੇਠਲੀ ਮੰਜ਼ਿਲ 'ਤੇ ਕਾਂਗਰਸ ਦਾ। ਜੇ ਉਹ ਆਪਣੇ ਘਰ 12 ਪੌੜੀਆਂ ਚੜ੍ਹ ਜਾਣ ਤਾਂ ਸਮਝੋ ਭਾਜਪਾ ‘ਚ ਸ਼ਾਮਲ ਹੋ ਗਏ।
ਉਨ੍ਹਾਂ ਨੇ ਰਾਜਪਾਲ ਦੀਆਂ ਚਿੱਠੀਆਂ ਸਦਨ ਵਿਚ ਦਿਖਾਉਂਦੇ ਹੋਏ ਕਿਹਾ ਕਿ ਰਾਜਪਾਲ ਨੇ ਮੈਨੂੰ ਬਹੁਤ ਸਾਰੇ ਲਵ ਲੈਟਰ ਲਿਖੇ ਹਨ ਅਤੇ ਉਹ ਵਿਹਲੇ ਬੈਠੇ ਇਹੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਫੰਡ ਮੰਗਣ ਦਾ ਫਰਜ਼ ਰਾਜਪਾਲ ਦਾ ਸੀ ਪਰ ਉਹ ਤਾਂ ਹੋਰ ਹੀ ਗੱਲਾਂ ਕਰੀ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਹੱਕ ਬਾਰੇ ਗੱਲ ਨਹੀਂ ਕਰਦੇ ਅਤੇ ਜਲਦੀ ਹੀ ਵਿਧਾਨ ਸਭਾ 'ਚੋਂ ਵਾਕਆਊਟ ਕਰ ਜਾਂਦੇ ਹਨ। ਉਨ੍ਹਾਂ ਨੇ ਸਪੀਕਰ ਨੂੰ ਇਹ ਤੱਕ ਕਹਿ ਦਿੱਤਾ ਕਿ ਉਹ ਕਾਂਗਰਸ ਨੂੰ ਅਗਲੇ ਇਜਲਾਸ ਦੌਰਾਨ ਬੁਲਾਉਣ ਹੀ ਨਾ ਕਿਂਉਂਕਿ ਉਹਨਾਂ ਨੇ ਸਿਰਫ਼ 15 ਮਿੰਟ ਬੈਠਣਾ ਹੁੰਦਾ ਹੈ ਤੇ ਫਿਰ ਬੁਲਾਉਣ ਦਾ ਕੀ ਫਾਇਦਾ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੇਂਦਰ ਦੇ ਮੁਤਾਬਕ ਸਰਕਾਰ ਆਉਣ 'ਤੇ ਇਸ ਦੇ ਲਈ ਐਕਟ ਬਣਾ ਦਿੱਤਾ ਕਿ ਇਹ ਪੈਸਾ ਪਿੰਡਾਂ ਦੇ ਵਿਕਾਸ ਲਈ ਹੀ ਇਸਤੇਮਾਲ ਹੋਵੇਗਾ। ਫਿਰ ਕੇਂਦਰ ਨੇ ਕਿਹਾ ਕਿ ਪੰਜਾਬ ਦਾ ਪੈਸਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਸਾਡੀ ਸਰਕਾਰ ਨੇ ਧੰਨਵਾਦ ਚਿੱਠੀ ਵੀ ਲਿਖ ਦਿੱਤੀ ਪਰ ਬਾਅਦ 'ਚ ਕੇਂਦਰ ਇਸ ਗੱਲ ਤੋਂ ਮੁੱਕਰ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ 1-2 ਦਿਨਾਂ ਤੱਕ ਫੰਡ ਜਾਰੀ ਕਰ ਦਿੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ 1 ਜੁਲਾਈ ਨੂੰ ਸੁਪਰੀਮ ਕੋਰਟ ਖੁਲ੍ਹ ਰਹੀ ਹੈ।