
ਟਵਿਟਰ 'ਤੇ ਸਿੱਧੂ ਦੇ 3.79 ਲੱਖ ਫਾਲੋਅਰਜ਼ ਹਨ।
ਮੁਹਾਲੀ : ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਲਗਾਤਾਰ ਵਧਦੀ ਜਾ ਰਹੀ ਹੈ। ਹਾਲੀਵੁੱਡ ਅਭਿਨੇਤਾ ਅਤੇ WWE ਦੇ ਮਸ਼ਹੂਰ ਪਹਿਲਵਾਨ ਜਾਹਨ ਸੀਨਾ ਦਾ ਨਾਂ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਫਾਲੋ ਕਰਨ ਵਾਲੇ ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਜਾਹਨ ਸੀਨਾ ਨੇ ਟਵਿਟਰ 'ਤੇ ਸਿੱਧੂ ਮੂਸੇਵਾਲਾ ਨੂੰ ਫਾਲੋ ਕੀਤਾ ਹੈ। ਟਵਿਟਰ 'ਤੇ ਸਿੱਧੂ ਦੇ 3.79 ਲੱਖ ਫਾਲੋਅਰਜ਼ ਹਨ।
ਕੁਸ਼ਤੀ ਦੀ ਦੁਨੀਆਂ 'ਚ ਮਸ਼ਹੂਰ ਜਾਹਨ ਸੀਨਾ ਨੇ ਸ਼ਾਇਦ ਹੀ ਕੋਈ ਪਹਿਲਵਾਨ ਰਿੰਗ 'ਚ ਛੱਡਿਆ ਹੋਵੇਗਾ, ਜਿਸ ਨੂੰ ਉਸ ਨੇ ਤੇਜ਼ ਸ਼ਾਟ ਨਾ ਦਿਤਾ ਹੋਵੇ। ਦੁਨੀਆਂ ਭਰ ’ਚ ਲੋਕ ਉਸ ਨੂੰ ਚਾਹੁੰਦੇ ਹਨ। ਅਜਿਹੇ 'ਚ ਸਿੱਧੂ ਮੂਸੇਵਾਲਾ ਨੂੰ ਫਾਲੋ ਕਰਨਾ ਉਨ੍ਹਾਂ ਲਈ ਵੱਡੀ ਗੱਲ ਹੈ।
ਪਿਛਲੇ ਮਹੀਨੇ ਹੀ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਹੋਇਆ ਹੈ। ਕੁਝ ਦਿਨ ਪਹਿਲਾਂ ਮੂਸੇਵਾਲਾ ਦਾ ਜਨਮ ਦਿਨ ਵੀ ਮਨਾਇਆ ਗਿਆ ਸੀ। ਕੈਨੇਡੀਅਨ ਰੈਪਰ ਸਟੀਫਲਨ ਡੌਨ ਨੇ ਮੌਕੇ 'ਤੇ ਪਿੰਡ ਮੂਸਾ ਪਹੁੰਚ ਕੇ ਬਲਕੌਰ ਸਿੰਘ ਅਤੇ ਚਰਨ ਕੌਰ ਨਾਲ ਮੁਲਾਕਾਤ ਕੀਤੀ।
ਸਿੱਧੂ ਮੂਸੇਵਾਲਾ ਨੂੰ ਦੁਨੀਆਂ ਨੂੰ ਅਲਵਿਦਾ ਕਹੇ ਇੱਕ ਸਾਲ ਹੋ ਗਿਆ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਸ ਦਾ 'ਮੇਰਾ ਨਾ' ਗੀਤ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿੱਧੂ ਦੇ ਇੰਨੇ ਗੀਤ ਹਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਅਗਲੇ 10-11 ਸਾਲਾਂ ਤੱਕ ਨਵੇਂ-ਨਵੇਂ ਗੀਤ ਸੁਣਦੇ ਰਹਿਣਗੇ।
29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿਚ ਹੁਣ ਤੱਕ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਦੋ ਮੁਲਜ਼ਮ ਮੁਕਾਬਲੇ ਵਿਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਉਣਾ ਬਾਕੀ ਹੈ। ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿਚ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।