
ਪੁਲਿਸ ਤੇ BSF ਨੇ ਚਲਾਇਆ ਸਰਚ ਆਪਰੇਸ਼ਨ
Tarn Taran News : ਪਾਕਿਸਤਾਨ 'ਚ ਬੈਠੇ ਤਸਕਰ ਭਾਰਤ 'ਚ ਡਰੋਨ ਦੇ ਜ਼ਰੀਏ ਕਦੇ ਹਥਿਆਰਾਂ ਅਤੇ ਕਦੇ ਹੈਰੋਇਨ ਦੀ ਖੇਪ ਭੇਜਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਸਰਹੱਦ 'ਤੇ ਤਾਇਨਾਤ ਭਾਰਤੀ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦੀ ਆਈ ਹੈ।
ਤਾਜ਼ਾ ਮਾਮਲਾ ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ੍ਹ ਦਾ ਹੈ। ਬੀ.ਐਸ.ਐਫ ਅਤੇ ਤਰਨਤਾਰਨ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਥੋਂ ਦੇ ਖੇਤਾਂ ਵਿੱਚ ਡਿੱਗਿਆ ਇੱਕ ਡਰੋਨ ਬਰਾਮਦ ਹੋਇਆ ਹੈ।
ਫਿਲਹਾਲ ਇਸ ਮਾਮਲੇ 'ਚ ਸਬੰਧਤ ਥਾਣਾ ਖੇਮਕਰਨ ਵਿਖੇ ਅਣਪਛਾਤੇ ਸਮੱਗਲਰਾਂ ਖਿਲਾਫ ਏਅਰਕ੍ਰਾਫਟ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਇੱਕ ਡਰੋਨ ਆਇਆ ਹੈ। ਜਿਸ ਰਾਹੀਂ ਹਥਿਆਰ ਅਤੇ ਹੈਰੋਇਨ ਖੇਮਕਰਨ ਸੈਕਟਰ ਵਿੱਚ ਭੇਜੀ ਗਈ ਹੈ। ਇਸ ਸੂਚਨਾ ਦੇ ਆਧਾਰ 'ਤੇ ਸੀਮਾ ਸੁਰੱਖਿਆ ਬਲ ਅਤੇ ਪੁਲਸ ਟੀਮ ਨੇ ਉਕਤ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ।
ਇਸ ਦੌਰਾਨ ਪਿੰਡ ਮਸਤਗੜ੍ਹ ਦੇ ਇੱਕ ਖੇਤ ਵਿੱਚ ਡੀਜੀਆਈ ਮੈਟ੍ਰਿਕਸ ਡਰੋਨ ਬਰਾਮਦ ਹੋਇਆ ਹੈ। ਇਸ ਡਰੋਨ ਨੂੰ ਕਿਸ ਨੇ ਮੰਗਵਾਇਆ ਸੀ, ਇਸ ਦੀ ਜਾਂਚ ਲਈ ਟੀਮ ਬਣਾਈ ਗਈ ਹੈ। ਉਕਤ ਖੇਤਰ ਵਿੱਚ ਐਕਟਿਵ ਸਮੱਗਲਰਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ। ਇਲਾਕੇ 'ਚ ਤਲਾਸ਼ੀ ਲਈ ਜਾ ਰਹੀ ਹੈ।