
ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲੰਮੇ ਸਮੇਂ ਤੋਂ ਸਕੂਲ ਬੰਦ ਰਹਿਣ ਕਾਰਨ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਹੁਣ
ਚੰਡੀਗੜ੍ਹ, 19 ਜੁਲਾਈ (ਗੁਰਉਪਦੇਸ਼ ਭੁੱਲਰ) : ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲੰਮੇ ਸਮੇਂ ਤੋਂ ਸਕੂਲ ਬੰਦ ਰਹਿਣ ਕਾਰਨ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਹੁਣ ਭਾਰਤ ਸਰਕਾਰ ਨੇ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਤੋਂ ਰਾਏ ਮੰਗੀ ਹੈ। ਕੇਂਦਰੀ ਮਾਨਵ ਸਰੋਤ ਮੰਤਰਾਲੇ ਵਲੋਂ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਸਿਖਿਆ ਸਕੱਤਰਾਂ ਨੂੰ ਲਿਖੇ ਪੱਤਰ ਵਿਚ 20 ਜੁਲਾਈ ਤਕ ਮਾਪਿਆਂ ਨਾਲ ਗੱਲ ਕਰ ਕੇ ਰਾਏ ਭੇਜਣ ਲਈ ਕਿਹਾ ਹੈ।
ਪੱਤਰ ਵਿਚ ਕਿਹਾ ਗਿਆ ਹੈ ਕਿ ਮਾਪਿਆਂ ਨੂੰ ਪੁਛਿਆ ਜਾਵੇ ਕਿ ਉਹ ਅਗੱਸਤ, ਸਤੰਬਰ ਜਾਂ ਅਕਤੂਬਰ ਮਹੀਨੇ ਸਕੂਲ ਮੁੜ ਖੋਲ੍ਹਣ ਬਾਰੇ ਕਿਹੜਾ ਸਮਾਂ ਠੀਕ ਸਮਝਦੇ ਹਨ। ਬੱਚਿਆਂ ਦੇ ਮਾਪਿਆਂ ਤੋਂ ਇਹ ਵੀ ਪੁਛਣ ਲਈ ਕਿਹਾ ਗਿਆ ਹੈ ਕਿ ਸਕੂਲ ਮੁੜ ਖੁਲ੍ਹਣ 'ਤੇ ਸਕੂਲਾਂ ਤੋਂ ਕਿਸ ਤਰ੍ਹਾਂ ਦੇ ਮਾਹੌਲ ਦੀ ਇੱਛਾ ਰਖਦੇ ਹਨ। ਇਸ ਤੋਂ ਇਲਾਵਾ ਹੋਰ ਸੁਝਾਅ ਵੀ ਲਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸੇ ਦੌਰਾਨ 15 ਜੁਲਾਈ ਨੂੰ ਕੇਂਦਰ ਸਰਕਾਰ ਵਲੋਂ ਹੀ ਸਕੂਲ ਨੂੰ ਖੋਲ੍ਹਣ ਦੇ ਸਮੇਂ ਬਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਵੀਡੀਉ ਕਾਨਫ਼ਰੰਸ ਰਾਹੀਂ ਵੀ ਰਾਏ ਲਈ ਗਈ ਸੀ।
ਇਸ ਵਿਚ ਜ਼ਿਆਦਾਤਰ ਰਾਜ 15 ਅਗੱਸਤ ਤੋਂ ਬਾਅਦ ਜਾਂ ਸਤੰਬਰ ਵਿਚ ਸਕੂਲ ਮੁੜ ਖੋਲ੍ਹਣ ਦੇ ਹੱਕ ਵਿਚ ਸਨ। ਕੁੱਝ ਕੁ ਰਾਜ ਹੀ ਜੁਲਾਈ ਵਿਚ ਸਕੂਲ ਖੋਲ੍ਹਣ ਦੇ ਹੱਕ ਵਿਚ ਸਨ। ਕਈ ਰਾਜਾਂ ਨੇ ਕਿਹਾ ਕਿ ਉਨ੍ਹਾਂ ਹਾਲੇ ਸਮੇਂ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਤੇ ਕੁੱਝ ਨੇ ਭਾਰਤ ਸਰਕਾਰ 'ਤੇ ਹੀ ਫ਼ੈਸਲਾ ਛਡਿਆ ਸੀ। ਪੰਜਾਬ ਨੇ ਕਿਹਾ ਸੀ ਕਿ ਹਾਲੇ ਸਮੇਂ ਦਾ ਕੋਈ ਫ਼ੈਸਲਾ ਨਹੀਂ ਕੀਤਾ। ਹਰਿਆਣਾ ਦੀ ਰਾਏ 15 ਅਗੱਸਤ ਤੋਂ ਅਤੇ ਚੰਡੀਗੜ੍ਹ ਦੀ ਵੀ 15 ਅਗੱਸਤ ਹੀ ਸੀ। ਇਸ ਤਰ੍ਹਾਂ ਹੁਣ ਭਾਰਤ ਸਰਕਾਰ 20 ਜੁਲਾਈ ਬਾਅਦ ਅੰਤਮ ਫ਼ੈਸਲਾ ਲਵੇਗੀ।