
ਜ਼ਹਿਰੀਲੀ ਸ਼ਰਾਬ ਕਾਰਨ 16 ਮਰੇ
ਪਟਨਾ, 19 ਜੁਲਾਈ : ਬਿਹਾਰ ਦੇ ਪਛਮੀ ਚੰਪਾਰਣ ਵਿਚ ਜ਼ਹਿਰੀਲੀ ਸ਼ਰਾਬ ਨੇ ਕਹਿਰ ਮਚਾ ਦਿਤੀ ਹੈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਬਿਹਾਰ ਵਿਚ ਸਰਕਾਰ ਨੇ ਸ਼ਰਾਬ ਦਾ ਸੇਵਨ ਅਤੇ ਉਤਪਾਦਨ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਸੂਬੇ ਵਿਚ ਸ਼ਰਾਬ ਦੀ ਕਾਲਾਬਜ਼ਾਰੀ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।
ਅੱਖਾਂ ਦੀ ਰੌਸ਼ਨੀ ਗਵਾਉਣ ਵਾਲਿਆਂ ਵਿਚ ਲੌਰੀਆ ਥਾਣਾ ਅਧੀਨ ਪਿੰਡ ਦੇਉਰਵਾ ਪਿੰਡ ਨਿਸਾਨੀ ਮੁਹੰਮਦ ਇਜ਼ਹਾਰ ਦਾ ਕਹਿਣਾ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਪਿੰਡ ਦੇ ਬਾਹਰ ਸ਼ਰਾਬ ਦੀ ਭੱਠੀ ਤੋਂ ਸ਼ਰਾਬ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਫਿਰ ਅੱਖਾਂ ਦੀ ਰੌਸ਼ਨੀ ਵੀ ਚਲ ਗਈ।
ਇਸ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਗਈ। ਸ਼ਰਾਬ ਕਾਂਡ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਨੇ ਜਲਦਬਾਜ਼ੀ ਵਿਚ ਜਾਂ ਤਾਂ ਦਫ਼ਨਾ ਦਿਤਾ ਜਾਂ ਫਿਰ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿਤਾ। ਹਾਲਾਂਕਿ ਬਾਅਦ ਵਿਚ ਮਿ੍ਰਤਕਾਂ ਦੇ ਪ੍ਰਵਾਰਾਂ ਨੇ ਮੰਨਿਆ ਹੈ ਕਿ ਜਿਨ੍ਹਾਂ ਦੀ ਮੌਤ ਹੋਈ ਉਹ ਨਾਜਾਇਜ਼ ਸ਼ਰਾਬ ਦਾ ਸੇਵਨ ਕਰਦੇ ਸਨ। ਪਛਮੀ ਚੰਪਾਰਣ ਰੇਂਜ ਦੇ ਡੀਆਈਜੀ ਲਲਨ ਮੋਹਨ ਪ੍ਰਸਾਦ ਨੇ ਕਿਹਾ ਕਿ ਸ਼ਰਾਬ ਕਾਂਡ ਵਿਚ ਹੁਣ ਤਕ 16 ਲੋਕਾਂ ਦੀ ਗਿ੍ਰਫ਼ਤਾਰੀ ਕੀਤੀ ਗਈ ਹੈ। (ਏਜੰਸੀ)