
‘ਜਥੇਦਾਰ’ ਨੇ 26 ਨੂੰ ਸਿੱਖ ਸੰਪਰਦਾਵਾਂ ਦੀ ਬੈਠਕ ਸੱਦੀ
ਬੇਅਦਬੀਆਂ ਤੇ ਭਖਦੇ ਸਿੱਖ ਮਸਲੇ ਵਿਚਾਰੇ ਜਾਣਗੇ : ਗਿਆਨੀ ਹਰਪ੍ਰੀਤ ਸਿੰਘ
ਅੰਮਿ੍ਰਤਸਰ, 19 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇੇ ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਿੱਖ ਕੌਮ ਦੇ ਭਖਦੇ ਵੱਖ-ਵੱਖ ਮਸਲਿਆਂ ’ਤੇ 26 ਜੁਲਾਈ ਨੂੰ ਸਿੱਖ ਸੰਪਰਦਾਵਾਂ ਦੀ ਬੈਠਕ ਬੁਲਾਈ ਗਈ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕੇਂਦਰ ਸਰਕਾਰ ਵਲੋਂ ਨਾ ਖੋਲ੍ਹਣ ਅਤੇ ਹੋਰ ਮਸਲੇ ਵਿਚਾਰੇ ਜਾਣਗੇ। ਇਸ ਮੌਕੇ ਸਮੂਹ ਹਾਜ਼ਰੀਨ ਦੇ ਵਿਚਾਰ ਤੇ ਸੁਝਾਅ ਵੀ ਲਈ ਜਾਣਗੇ।
ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀਆਂ ਸਬੰਧੀ ਬਣੀਆਂ ਸਮੂਹ ਸਿੱਟ ਸਿਆਸਤ ਤੋਂ ਪ੍ਰੇਰਿਤ ਹਨ ਤੇ ਸਿਆਸਤਦਾਨ ਗੁਰੂ ਗ੍ਰੰਥ ਸਾਹਿਬ ਦਾ ਮਾਣ-ਸਨਮਾਨ ਕਰਨ ਦੀ ਥਾਂ ਵੋਟ ਬੈਂਕ ਨੂੰ ਤਰਜੀਹ ਦੇ ਰਹੇ ਹਨ। ਇਹ ਬੜੀ ਮੰਦਭਾਗੀ ਸੋਚ ਹੈ ਕਿ ਉਹ ਗੁਰੂ ਦੇ ਨਹੀਂ ਬਣ ਰਹੇ ਹੋਰ ਇਨ੍ਹਾਂ ਨੇ ਕੀ ਕਰਨਾ ਹੈ। ‘ਜਥੇਦਾਰਾਂ’ ਦੀ ਹੋ ਰਹੀ ਬੈਠਕ ਸਬੰਧੀ ਉਨ੍ਹਾਂ ਦਸਿਆ ਕਿ ਨਵੇਂ ਜੋੜਾ ਘਰ ਦੀ ਪੁਟਾਈ ਦੌਰਾਨ ਜ਼ਮੀਨਦੋਜ਼ ਇਮਾਰਤ ਮਿਲੀ ਹੈ। ਇਹ ਮਾਲਕਾਂ ਦੀ ਨਿਜੀ ਸੰਪਤੀ ਹੈ। ਸ਼੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਬਾਅਦ ਸੰਨ 1988 ਵਿਚ ਇਸ ਦਾ ਮੁਆਵਜ਼ਾ ਮਾਲਕਾਂ ਦੁਆਰਾ ਲਿਆ ਗਿਆ ਪਰ ਉਸ ਸਮੇਂ ਵਿਰੋਧਤਾ ਨਹੀਂ ਕੀਤੀ ਗਈ। ਇਸ ਬਣ ਰਹੇ ਜੋੜਾ ਘਰ ਵਿਚ ਸਕੂਟਰ ਸਟੈਂਡ ਅਤੇ ਗਠੜੀ ਘਰ ਬਣਨ ਬਾਅਦ ਸਮੂਹ ਸੰਗਤ ਨੂੰ ਲਾਭ ਹੋਵੇਗਾ। ‘ਜਥੇਦਾਰ’ ਨੇ ਇਸ ਮਸਲੇ ’ਤੇ ਉਠ ਰਹੀਆਂ ਅਵਾਜ਼ਾਂ ਅਤੇ ਵਿਰੋਧਤਾ ਕਰਨ ਵਾਲਿਆਂ ਨੂੰ ਸਪੱਸ਼ਟ ਕੀਤਾ ਕਿ ਇਹ ਜੋੜਾ ਘਰ ਸਮੂਹ ਸਿੱਖ ਸੰਗਤ ਦਾ ਬਣਨਾ ਹੈ, ਇਥੇ ਨਾ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਕੋਠੀ ਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਦਾ ਡੇਰਾ ਬਣਨਾ ਹੈ।
ਉਨ੍ਹਾਂ ਸੌਦਾ ਸਾਧ ਦਾ ਨਾਮ ਫ਼ਰੀਦਕੋਟ ਦੀ ਅਦਾਲਤ ਵਿਚ ਚਲਾਨ ਪੇਸ਼ ਕਰਨ ਸਮੇਂ ਕੱਟਣ ਵਾਲਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ 128 ਨੰਬਰ ਐਫ਼ ਆਈ ਆਰ ਵਿਚ ਅਜਿਹਾ ਕਿਉਂ ਅਤੇ ਕਿਸ ਦੇ ਇਸ਼ਾਰੇ ’ਤੇ ਕੀਤਾ ਗਿਆ? ਉਨ੍ਹਾਂ ਸਿੱਟ ਇੰਚਾਰਜ ਨੂੰ ਸਥਿਤੀ ਸਪੱਸ਼ਟ ਕਰਨ ਲਈ ਜ਼ੋਰ ਦਿਤਾ। ਇਸ ਕੇਸ ਨਾਲ ਸਬੰਧਤ ਦੋਸ਼ ਮਹਿੰਦਰਪਾਲ ਬਿੱਟੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਸੌਦਾ ਸਾਧ ਦਾ ਵੀ ਇਸ ਸਬੰਧ ਵਿਚ ਹੱਥ ਹੈ ਪਰ ਮੁੁਕੱਦਮੇ ਵਿਚੋਂ ਸੌਦਾ ਸਾਧ ਦਾ ਨਾਮ ਕੱਟਣਾ, ਬੜੀ ਉੱਚ ਪਧਰੀ ਸਾਜ਼ਸ਼ ਹੈ। ਇਸ ਨੂੰ ਜਨਤਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਾਲੀਆਂ ਭੇਡਾਂ ਬੇਨਕਾਬ ਹੋ ਸਕਣ।