
ਰਿਪੋਰਟ ਦਾ ਦਾਅਵਾ, ਇਜ਼ਰਾਇਲੀ ਸਾਫ਼ਟਵੇਅਰ ਰਾਹੀਂ 40 ਤੋਂ ਵੱਧ ਪੱਤਰਕਾਰਾਂ ਦੇ ਫ਼ੋਨ ਹੈਕ
ਨਵੀਂ ਦਿੱਲੀ, 19 ਜੁਲਾਈ : ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫ਼ੋਨ ਦੀ ਕਥਿਤ ਜਾਸੂਸੀ ਸਬੰਧੀ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ | ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਚਰਚਾ ਜਾਰੀ ਹੈ | ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੁਨੀਆਂ ਭਰ ਦੇ ਸੈਂਕੜੇ ਪੱਤਰਕਾਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਫ਼ੋਨ ਟੈਪ ਕੀਤੇ ਗਏ ਹਨ | ਇਨ੍ਹਾਂ ਵਿਚ ਭਾਰਤ ਦੇ ਕਈ ਲੋਕ ਸ਼ਾਮਲ ਹਨ |
ਰਿਪੋਰਟ ਅਨੁਸਾਰ ਭਾਰਤ ਵਿਚ ਮੰਤਰੀਆਂ, ਵਿਰੋਧੀ ਧਿਰ ਦੇ ਨੇਤਾਵਾਂ, ਪੱਤਰਕਾਰਾਂ, ਕਾਨੂੰਨੀ ਸਮੂਹ, ਕਾਰੋਬਾਰੀਆਂ, ਸਰਕਾਰੀ ਅਫ਼ਸਰਾਂ, ਵਿਗਿਆਨੀਆਂ, ਕਾਰਕੁਨਾਂ ਸਮੇਤ ਕਰੀਬ 300 ਲੋਕਾਂ ਦੀ ਜਾਸੂਸੀ ਕੀਤੀ ਗਈ ਹੈ | 'ਦਾ ਵਾਇਰ' ਦੀ ਰਿਪੋਰਟ ਮੁਤਾਬਕ ਇਨ੍ਹਾਂ 'ਚੋਂ 40 ਪੱਤਰਕਾਰ ਹਨ | ਵਾਸ਼ਿੰਗਟਨ ਪੋਸਟ ਅਤੇ ਦ ਗਾਰਡੀਅਨ ਅਨੁਸਾਰ 3 ਮੁੱਖ ਵਿਰੋਧੀ ਧਿਰ ਦੇ ਨੇਤਾਵਾਂ 2 ਮੰਤਰੀਆਂ ਅਤੇ ਇਕ ਜੱਜ ਦੀ ਵੀ ਜਾਸੂਸੀ ਦੀ ਪੁਸ਼ਟੀ ਹੋ ਚੁਕੀ ਹੈ ਹਾਲਾਂਕਿ ਇਨ੍ਹਾਂ ਦੇ ਨਾਂਅ ਨਹੀਂ ਦੱਸੇ ਗਏ | ਰਿਪੋਰਟ ਤੋਂ ਪਹਿਲਾਂ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਇਸ ਸਬੰਧੀ ਟਵੀਟ ਕੀਤਾ ਸੀ | ਉਨ੍ਹਾਂ ਲਿਖਿਆ ਕਿ ਇਸ ਤਰ੍ਹਾਂ ਦੀ ਅਫ਼ਵਾਹ ਹੈ ਕਿ ਵਾਸ਼ਿੰਗਟਨ ਪੋਸਟ ਅਤੇ ਲੰਡਨ ਗਾਰਡੀਅਨ ਇਕ ਰਿਪੋਰਟ ਛਾਪਣ ਜਾ ਰਹੇ ਹਨ 'ਜਿਸ ਵਿਚ ਇਜ਼ਰਾਈਲ ਦੀ ਫਰਮ ਪੇਗਾਸਸ ਨੂੰ ਮੋਦੀ ਕੈਬਨਿਟ ਦੇ ਮੰਤਰੀ, ਆਰਐਸਐਸ ਦੇ ਨੇਤਾ, ਸੁਪਰੀਮ ਕੋਰਟ ਦੇ ਜਸਟਿਸ ਅਤੇ ਪੱਤਰਕਾਰਾਂ ਦੇ ਫ਼ੋਨ ਟੈਪ ਕਰਨ ਲਈ ਹਾਇਰ ਕੀਤੇ ਜਾਣ ਦਾ ਪਰਦਾਫ਼ਾਸ਼ ਹੋਵੇਗਾ |
ਉਨ੍ਹਾਂ ਦੇ ਟਵੀਟ 'ਤੇ ਕਾਂਗਰਸ ਨੇਤਾ ਦਿਗਵਿਜੈ ਸਿੰਘ ਸਮੇਤ ਕਈ ਲੋਕਾਂ ਨੇ ਪ੍ਰਤੀਕਿਰਿਆ ਦਿਤੀ ਸੀ | ਉਨ੍ਹਾਂ ਲਿਖਿਆ ਕਿ, ''ਉਮੀਦ ਕਰਦਾ ਹਾਂ ਕਿ ਉਹ (ਰਿਪੋਰਟ ਛਾਪਣ ਵਾਲੇ) ਮੋਦੀ ਸ਼ਾਹ ਦੇ ਦਬਾਅ ਵਿਚ ਨਹੀਂ ਆਉਣਗੇ |''
ਸਰਕਾਰ ਨੇ ਗ਼ੈਰ ਕਾਨੂੰਨੀ ਹੈਕਿੰਗ ਤੋਂ ਕੀਤਾ ਇਨਕਾਰ
ਦਾ ਵਾਇਰ ਦੀ ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ 'ਤੇ ਜਵਾਬ ਦਿਤਾ ਕਿ ਸਰਕਾਰ ਵਲੋਂ ਦੇਸ਼ ਵਿਚ ਕਿਸੇ ਦਾ ਵੀ ਫ਼ੋਨ ਗ਼ੈਰ ਕਾਨੂੰਨੀ ਢੰਗ ਨਾਲ ਹੈਕ ਨਹੀਂ ਕੀਤਾ ਗਿਆ | ਆਈਟੀ ਮੰਤਰੀ ਵਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਸਲਿਆਂ 'ਤੇ ਤੈਅਸ਼ੁਦਾ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦਿਆਂ ਹੀ ਕਿਸੇ ਦਾ ਫ਼ੋਨ ਟੈਪ ਕਰਨ ਦੀ ਮਨਜ਼ੂਰੀ ਦਿਤੀ ਜਾ ਸਕਦੀ ਹੈ |
ਪੇਗਾਸਸ ਕੀ ਹੈ?
ਪੇਗਾਸਸ ਸਪਾਈਵੇਅਰ ਇਕ ਕੰਪਿਊਟਰ ਪ੍ਰੋਗਰਾਮ ਹੈ ਜਿਸ ਜ਼ਰੀਏ ਕਿਸੇ ਦੇ ਫ਼ੋਨ ਨੂੰ ਹੈਕ ਕਰ ਕੇ ਉਸ ਦੇ ਕੈਮਰਾ, ਮਾਈਕ, ਸਮਗਰੀ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਇਸ ਨਾਲ ਫ਼ੋਨ 'ਤੇ ਕੀਤੀ ਗਈ ਗੱਲਬਾਤ ਦਾ ਬਿਊਰਾ ਵੀ ਹਾਸਲ ਕੀਤਾ ਜਾ ਸਕਦਾ ਹੈ | ਰਿਪੋਰਟ ਅਨੁਸਾਰ ਪੇਗਾਸਸ ਨਾਲ ਜੁੜੀ ਜਾਣਕਾਰੀ ਪਹਿਲੀ ਵਾਰ ਸਾਲ 2016 ਵਿਚ ਸੰਯੁਕਤ ਅਰਬ ਅਮੀਰਾਤ ਦੇ ਮਨੁੱਖੀ ਅਧਿਕਾਰ ਕਾਰਕੁਨ ਅਹਿਮਦ ਮਨਸੂਰ ਦੀ ਬਦੌਲਤ ਮਿਲੀ ਸੀ |
ਕਿਵੇਂ ਕੰਮ ਕਰਦਾ ਹੈ ਪੇਗਾਸਸ?
ਪੇਗਾਸਸ ਜ਼ਰੀਏ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ, ਉਸ ਦੇ ਫੋਨ 'ਤੇ ਐਸਐਮਐਸ, ਵਟਸਐਪ, ਆਈ ਮੈਜੇਸ(ਆਈਫੋਨ 'ਤੇ) ਜਾਂ ਕਿਸੇ ਹੋਰ ਮਾਧਿਅਮ ਜ਼ਰੀਏ ਲਿੰਕ ਭੇਜਿਆ ਜਾਂਦਾ ਹੈ | ਇਸ ਲਿੰਕ ਅਜਿਹੇ ਸੰਦੇਸ਼ ਨਾਲ ਭੇਜਿਆ ਜਾਂਦਾ ਹੈ ਕਿ ਵਿਅਕਤੀ ਉਸ ਉੱਤੇ ਕਲਿਕ ਕਰੇ | ਸਿਰਫ ਇਕ ਕਲਿਕ ਨਾਲ ਸਪਾਈਵੇਅਰ ਫੋਨ ਵਿਚ ਐਕਟਿਵ ਹੋ ਜਾਂਦਾ ਹੈ | ਇਕ ਵਾਰ ਐਕਟਿਵ ਹੋਣ ਤੋਂ ਬਾਅਦ ਇਹ ਫੋਨ ਦੇ ਐਸਐਮਐਸ, ਈਮੇਲ, ਵਟਸਐਪ ਚੈਟ, ਸੰਪਰਕ ਨੰਬਰ, ਜੀਪੀਐਸ ਡਾਟਾ, ਫੋਟੋ, ਵੀਡੀਉ, ਕੈਲੰਡਰ ਆਦਿ ਹਰ ਚੀਜ਼ ਦੇਖੀ ਜਾ ਸਕਦੀ ਹੈ |
ਐਨ.ਡੀ.ਏ. ਸਰਕਾਰ ਨੇ ਪੈਗਾਸਸ ਜਾਸੂਸੀ ਰਾਹੀਂ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ : ਕੈਪਟਨ ਅਮਰਿੰਦਰ ਸਿੰਘ
ਸੁਪਰੀਮ ਕੋਰਟ ਨੂੰ ਅਪਣੇ ਪੱਧਰ 'ਤੇ ਨੋਟਿਸ ਲੈਣ ਅਤੇ ਭਾਰਤ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਰ ਵਿਰੁਧ ਕਾਰਵਾਈ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 19 ਜੁਲਾਈ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਟੀ ਦੇ ਰਾਜਸੀ ਆਗੂਆਂ, ਪੱਤਰਕਾਰਾਂ, ਕਾਰੋਬਾਰੀਆਂ, ਵਿਗਿਆਨੀਆਂ, ਸੰਵਿਧਾਨਕ ਅਥਾਰਟੀਆਂ ਅਤੇ ਹੋਰਨਾਂ ਵਿਅਕਤੀਆਂ ਦੇ ਨਿੱਜੀ ਫ਼ੋਨਾਂ ਦੀ ਹੈਕਿੰਗ ਦੀ ਸੋਮਵਾਰ ਨੂੰ ਉਲੰਘਣਾ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਵਿਅਕਤੀਗਤ ਨਿੱਜਤਾ ਉਤੇ ਸ਼ਰਮਨਾਕ ਹਮਲਾ ਹੈ ਸਗੋਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੌਮੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣਾ ਹੈ |
ਮੱੁਖ ਮੰਤਰੀ ਨੇ ਕਿਹਾ ਕਿ ਜਿਵੇਂ ਸੰਸਦ ਦੇ ਅੰਦਰ ਅਤੇ ਬਾਹਰ ਪੈਗਾਸਸ ਜਸੂਸੀ ਦਾ ਮਾਮਲਾ ਭਖਿਆ ਹੋਇਆ ਹੈ, ਇਹ ਕੇਂਦਰ ਸਰਕਾਰ ਵੱਲੋਂ ਭਾਰਤ ਦੀ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਉਤੇ ਹੈਰਾਨ ਕਰ ਦੇਣ ਵਾਲਾ ਹਮਲਾ ਹੈ ਜਿਸ ਨੇ ਇਸ ਘਿਨਾਉਣੀ ਕਾਰਵਾਈ ਰਾਹੀਂ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਮੁਖ਼ਬਰੀ ਜੋ ਇਜ਼ਰਾਈਲੀ ਕੰਪਨੀ ਵਲੋਂ ਕੇਂਦਰ ਸਰਕਾਰ ਦੀ ਹਰੀ ਝੰਡੀ ਬਿਨਾਂ ਨਹੀਂ ਕੀਤੀ ਜਾ ਸਕਦੀ, ਕੌਮਾਂਤਰੀ ਏਜੰਸੀਆਂ, ਸਰਕਾਰਾਂ ਤੇ ਸੰਗਠਨਾਂ ਦੇ ਹੱਥ ਵਿੱਚ ਸੰਵੇਨਸ਼ੀਲ ਜਾਣਕਾਰੀ ਦੇ ਦਿਤੀ ਹੈ ਜਿਸ ਦੀ ਭਾਰਤ ਵਿਰੁਧ ਦੁਰਵਰਤੋਂ ਹੋ ਸਕਦੀ ਹੈ |
ਉਨ੍ਹਾਂ ਕਿਹਾ, ''ਇਹ ਸਿਰਫ਼ ਵਿਅਕਤੀਗਤ ਆਜ਼ਾਦੀ ਉਤੇ ਹਮਲਾ ਹੀ ਨਹੀਂ ਸਗੋਂ ਸਾਡੇ ਮੁਲਕ ਦੀ ਸੁਰੱਖਿਆ ਉਤੇ ਵੀ ਹਮਲਾ ਹੈ | ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਖ਼ੁਦ-ਬ-ਖ਼ੁਦ ਨੋਟਿਸ ਲੈਣ ਅਤੇ ਐਨ.ਡੀ.ਏ. ਸਰਕਾਰ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ |'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਤੋਂ ਬਚ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਬੱਜਰ ਪਾਪ ਹੈ ਅਤੇ ਇਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ | ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਕਿਸੇ ਨੂੰ ਅਪਣੇ ਲੋਕਾਂ ਦੀ ਜ਼ਿੰਦਗੀਆਂ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ, ਜਿਵੇਂ ਕਿ ਇਸ ਸਰਕਾਰ ਨੇ ਕੀਤਾ ਹੈ, ਲੋਕਾਂ ਨੂੰ ਅਪਣੀ ਜੀਵਨ ਆਜ਼ਾਦੀ ਨਾਲ ਜਿਉਣ ਦਿਉ |