ਚੋਣ ਨਿਸ਼ਾਨ ਅਤੇ ਪਾਰਟੀ ਨੂੰ ਲੈ ਕੇ ਲੜਨ ਲਈ ਤਿਆਰ : ਸੰਜੇ ਰਾਉਤ
ਨਵੀਂ ਦਿੱਲੀ, 19 ਜੁਲਾਈ : ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਅਪਣੇ ਚੋਣ ਨਿਸ਼ਾਨ ਅਤੇ ਸੰਗਠਨ ’ਤੇ ਕੰਟਰੋਲ ਲਈ ਲੜਨ ਲਈ ਤਿਆਰ ਹੈ। ਸ਼ਿਵ ਸੈਨਾ ਨੂੰ ਹਾਲ ਹੀ ਵਿਚ ਵੱਡੇ ਪੱਧਰ ’ਤੇ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਮਹਾਰਾਸ਼ਟਰ ਨੂੰ ਤਿੰਨ ਹਿੱਸਿਆਂ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸ਼ਿਵ ਸੈਨਾ ਵਿਚ ਫੁੱਟ ਪੈਦਾ ਕਰਨਾ ਭਾਜਪਾ ਦੀ ਸਾਜ਼ਸ਼ ਦਾ ਹਿੱਸਾ ਹੈ।
ਉਨ੍ਹਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਸਿੰਦੇ ਨੇ ਅਜਿਹੇ ਸਮੇਂ ਸ਼ਿਵ ਸੈਨਾ ਸੰਸਦੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਰਾਜ ਕੁੱਝ ਹਿੱਸਿਆਂ ਵਿਚ ਭਾਰੀ ਹੜ੍ਹਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਾਉਤ ਨੇ ਕਿਹਾ, “ਅਸੀਂ ਕਿਸੇ ਵੀ ਲੜਾਈ ਲਈ ਤਿਆਰ ਹਾਂ, ਚਾਹੇ ਉਹ ਚੋਣ ਨਿਸ਼ਾਨ ਜਾਂ ਪਾਰਟੀ ਸੰਗਠਨ ਲਈ ਹੋਵੇ। ਕੁੱਝ ਇਕ ਸੰਸਦ ਮੈਂਬਰ ਅਤੇ ਵਿਧਾਇਕ ਸਾਨੂੰ ਛੱਡ ਸਕਦੇ ਹਨ। ਪਰ ਇਕੱਲੇ ਵਿਧਾਇਕ ਅਤੇ ਸੰਸਦ ਮੈਂਬਰ ਸ਼ਿਵ ਸੈਨਾ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਿਕ ਬਾਗ਼ੀਆਂ ਲਈ ਭਵਿੱਖ ਵਿਚ ਕੋਈ ਵੀ ਚੋਣ ਜਿੱਤਣਾ ਮੁਸ਼ਕਲ ਬਣਾ ਦੇਣਗੇ। ਉਨ੍ਹਾਂ ਨੇ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਵਲੋਂ ਪਾਰਟੀ ਤੋਂ ਵੱਖ ਹੋਏ ਧੜੇ ਨੂੰ ਸਾਲਾਂ ਤੋਂ ਦਿਤੀ ਗਈ ਸਿਆਸੀ, ਸਮਾਜਕ ਅਤੇ ਵਿੱਤੀ ਮਦਦ ਦਾ ਜ਼ਿਕਰ ਕੀਤਾ।
ਰਾਉਤ ਨੇ ਸ਼ਿੰਦੇ ’ਤੇ ਵੀ ਵਿਅੰਗ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣਾ ਪਿਆ ਕਿਉਂਕਿ ਉਹ “ਭਾਜਪਾ ਦੇ ਮੁੱਖ ਮੰਤਰੀ’’ ਹਨ। ਉਨ੍ਹਾਂ ਕਿਹਾ, ‘‘ਮੈਨੂੰ ਯਾਦ ਨਹੀਂ ਹੈ ਕਿ ਸ਼ਿਵ ਸੈਨਾ ਦੇ ਮੁੱਖ ਮੰਤਰੀ ਮਨੋਹਰ ਜੋਸ਼ੀ ਜਾਂ ਨਰਾਇਣ ਰਾਣੇ ਨੇ ਕਦੇ ਵੀ ਮੰਤਰੀ ਮੰਡਲ ਦੇ ਵਿਸਥਾਰ ਅਤੇ ਹੋਰ ਮੁੱਦਿਆਂ ਲਈ ਰਾਸ਼ਟਰੀ ਰਾਜਧਾਨੀ ਦਾ ਦੌਰਾ ਕੀਤਾ ਸੀ। (ਏਜੰਸੀ)