ਅਦਾਲਤ ਨੇ ਸਬੂਤਾਂ ਨਾਲ ਛੇੜਛਾੜ ਮਾਮਲੇ ’ਚ ਅੰਸਲ ਭਰਾਵਾਂ ਨੂੰ ਰਿਹਾਅ ਕਰਨ ਦੇ ਦਿਤੇ ਹੁਕਮ
ਨਵੀਂ ਦਿੱਲੀ, 19 ਜੁਲਾਈ : ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਉਪਹਾਰ ਸਿਨੇਮਾ ਹਾਲ ਅੱਗ ਕਾਂਡ ਦੇ ਸਬੰਧ ਵਿਚ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਰੀਅਲ ਅਸਟੇਟ ਕਾਰੋਬਾਰੀ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ ਜੇਲ ਦੀ ਸਜ਼ਾ ਦੇ ਆਧਾਰ ’ਤੇ ਜ਼ਮਾਨਤ ਦੇਣ ਦਾ ਹੁਕਮ ਦਿਤਾ ਹੈ। 1997 ਵਿਚ ਉਪਹਾਰ ਸਿਨੇਮਾ ਹਾਲ ਵਿਚ ਅੱਗ ਲੱਗਣ ਕਾਰਨ 59 ਲੋਕਾਂ ਦੀ ਮੌਤ ਹੋ ਗਈ ਸੀ। ਆਸਲ ਭਰਾਵਾਂ ਨੂੰ 8 ਨਵੰਬਰ ਨੂੰ ਮੈਜਿਸਟ੍ਰੇਟ ਅਦਾਲਤ ਨੇ ਸੱਤ ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਦੋਂ ਤੋਂ ਹੀ ਜੇਲ ਵਿਚ ਸਨ। ਹਾਲਾਂਕਿ, ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਇਸ ਤੋਂ ਪਹਿਲਾਂ ਮੈਜਿਸਟ੍ਰੇਟ ਅਦਾਲਤ ਦੁਆਰਾ ਸੁਸ਼ੀਲ ਅਤੇ ਗੋਪਾਲ ਅੰਸਲ ਦੋਵਾਂ ’ਤੇ ਲਗਾਏ ਗਏ 2.25 ਕਰੋੜ ਰੁਪਏ ਦੇ ਜੁਰਮਾਨੇ ਨੂੰ ਬਰਕਰਾਰ ਰਖਿਆ।ਜੱਜ ਨੇ ਕਿਹਾ, ‘‘ਸਾਨੂੰ ਤੁਹਾਡੇ (ਉਪਹਾਰ ਅੱਗ ਕਾਂਡ ਪੀੜਤ ਸੰਗਠਨ ਦੀ ਪ੍ਰਧਾਨ ਨੀਲਮ ਕਿ੍ਰਸ਼ਨਾਮੂਰਤੀ) ਨਾਲ ਹਮਦਰਦੀ ਹੈ। ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ। ਪਰ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਜ਼ਾ ਦੀ ਨੀਤੀ ਬਦਲਾ ਲੈਣਾ ਨਹੀਂ ਹੁੰਦੀ। ਸਾਨੂੰ ਉਨ੍ਹਾਂ (ਅੰਸਲ ਭਰਾਵਾਂ) ਦੀ ਉਮਰ ’ਤੇ ਵਿਚਾਰ ਕਰਨਾ ਹੋਵੇਗਾ। ਤੁਸੀਂ ਦੁੱਖ ਝੱਲੇ ਹਨ, ਪਰ ਉਨ੍ਹਾਂ ਨੇ ਵੀ ਦੁੱਖ ਝੱਲੇ ਹਨ।’’ ਅਦਾਲਤ ਨੇ ਸੋਮਵਾਰ ਨੂੰ ਆਸਲ ਭਰਾਵਾਂ ਅਤੇ ਦੋ ਹੋਰਾਂ ਦੁਆਰਾ ਮੈਜਿਸਟ੍ਰੇਟ ਅਦਾਲਤ ਦੁਆਰਾ ਉਨ੍ਹਾਂ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਨੂੰ ਰੱਦ ਕਰ ਦਿਤਾ ਸੀ। ਹੁਕਮ ਸੁਣਾਏ ਜਾਣ ਤੋਂ ਬਾਅਦ, ਕਿ੍ਰਸ਼ਨਾਮੂਰਤੀ ਨੇ ਜੱਜ ਨੂੰ ਕਿਹਾ ਕਿ ਇਹ ਹੁਕਮ “ਬੇਇਨਸਾਫ਼ੀ’’ ਹੈ ਅਤੇ ਉਸ ਦਾ ਨਿਆਂਪਾਲਿਕਾ ਤੋਂ ਵਿਸ਼ਵਾਸ ਉੱਠ ਗਿਆ ਹੈ। (ਏਜੰਸੀ)