ਕੋਵਿਡ ਮੌਤਾਂ ਦਾ ਅੰਦਾਜ਼ਾ ਲਗਾਉਣ ਲਈ ਡਬਲਯੂਐਚਓ ਦੀ ਕਾਰਜਪ੍ਰਣਾਲੀ ਗ਼ੈਰ-ਵਿਗਿਆਨਕ: ਸਰਕਾਰ
ਨਵੀਂ ਦਿੱਲੀ, 19 ਜੁਲਾਈ : ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿਚ ਕਿਹਾ ਕਿ ਵਿਸਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਕੋਵਿਡ -19 ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣ ਲਈ ਅਪਣਾਇਆ ਗਿਆ ਗਣਿਤਿਕ ਮਾਡਲਿੰਗ ਅਭਿਆਸ ਗ਼ੈਰ-ਵਿਗਿਆਨਕ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਭਾਰਤ ਨੇ ਇਸ ਵਿਧੀ ’ਤੇ ਸਖ਼ਤ ਇਤਰਾਜ ਜਤਾਇਆ ਹੈ। ਸਿਹਤ ਅਤੇ ਪ੍ਰਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਰਾਜ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 16 ਜੁਲਾਈ, 2022 ਤਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਰਿਪੋਰਟਾਂ ਅਨੁਸਾਰ ਦੇਸ਼ ਵਿਚ ਕੋਵਿਡ-19 ਕਾਰਨ ਕੁਲ 5,25,660 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਕਾਂਗਰਸ ਮੈਂਬਰ ਦਿਗਵਿਜੇ ਸਿੰਘ ਨੇ ਸਵਾਲ ਕੀਤਾ ਸੀ ਕਿ ਕੀ ਇਹ ਸੱਚ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 47 ਲੱਖ ਦਸੀ ਹੈ ਅਤੇ ਇਸ ਦੇ ਵਿਗਿਆਨੀਆਂ ਨੇ ਭਾਰਤ ਵਿਚ ਕੋਵਿਡ-19 ਨਾਲ ਨਜਿੱਠਣ ਦੇ ਤਰੀਕਿਆਂ ਨੂੰ ਗ਼ੈਰ-ਵਿਗਿਆਨਕ ਮੰਨਿਆ ਹੈ। ਪਵਾਰ ਨੇ ਕਿਹਾ ਕਿ ਡਬਲਯੂਐਚਓ ਨੇ ਗਣਿਤਿਕ ਮਾਡਲਿੰਗ ਅਭਿਆਸ ਦੇ ਆਧਾਰ ’ਤੇ ਭਾਰਤ ’ਚ 1 ਜਨਵਰੀ, 2020 ਤੋਂ 31 ਦਸੰਬਰ, 2021 ਦਰਮਿਆਨ ਕੋਵਿਡ-19 ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ 47 ਲੱਖ ਵਾਧੂ ਮੌਤਾਂ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਤੌਰ ’ਤੇ ਕੋਵਿਡ ਕਾਰਨ ਹੋਈਆਂ ਮੌਤਾਂ ਸਮੇਤ ਸਾਰੇ ਕਾਰਨਾਂ ਕਰ ਕੇ ਹੋਈਆਂ ਮੌਤਾਂ ਦਾ ਅੰਦਾਜ਼ਾ ਹੋ ਸਕਦਾ ਹੈ। (ਏਜੰਸੀ)