
ਦਿਨੇਸ਼ ਚੱਢਾ ਨੇ ਮਾਫ਼ੀ ਨਾ ਮੰਗੀ ਤਾਂ ਮਿਤੀ 23-07-2023 ਨੂੰ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ
ਰੂਪਨਗਰ - ਰੂਪਨਗਰ ਦੀ ਮਾਲ ਪਟਵਾਰੀ ਯੂਨੀਅਨ ਨੇ ਡੀਸੀ ਨੂੰ ਇਕ ਪੱਤਰ ਲਿਖ ਕੇ ਵਿਧਾਇਕ ਦਿਨੇਸ਼ ਚੱਢਾ ਖਿਲਾਫ਼ ਸ਼ਿਕਾਇਤ ਕੀਤੀ ਹੈ। ਅਪਣੀ ਸ਼ਿਕਾਇਤ ਵਿਚ ਉਹਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਮਿਤੀ 18-07-2023 ਨੂੰ ਤਹਿਸੀਲ ਦਫ਼ਤਰ ਰੂਪਨਗਰ ਜਾ ਕੇ ਉੱਥੇ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਦਫ਼ਤਰ ਦੇ ਕੰਮ ਵਿਚ ਰੁਕਾਵਟ ਪਾਈ ਗਈ।
ਹਲਕਾ ਵਿਧਾਇਕ ਰੂਪਨਗਰ ਵੱਲੋਂ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਰਮਚਾਰੀਆਂ ਨੂੰ ਫ਼ੋਨ ਕਰਕੇ ਸਰਕਾਰੀ ਦਫ਼ਤਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਏ ਗਏ। ਉਹਨਾਂ ਨੇ ਪੱਤਰ ਵਿਚ ਸਿੱਧੇ ਤੌਰ 'ਤੇ ਕਿਹਾ ਕਿ ਇੱਕ ਵਿਧਾਇਕ ਨੂੰ ਸਰਕਾਰੀ ਦਫ਼ਤਰੀ ਰਿਕਾਰਡ ਸਰਕਾਰੀ ਕਰਮਚਾਰੀ ਰਾਹੀਂ ਆਪਣੇ ਦਫ਼ਤਰ ਮੰਗਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਰਜਿਸਟਰੀਆਂ ਦਾ ਰਿਕਾਰਡ ਬਹੁਤ ਹੀ ਮਹੱਤਵਪੂਰਨ ਰਿਕਾਰਡ ਹੁੰਦਾ ਹੈ।
ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਤੇ ਬਿਨ੍ਹਾਂ ਕਿਸੇ ਸਬੂਤਾਂ ਦੇ ਕੁਰੱਪਸ਼ਨ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ਤੇ ਜਲੀਲ ਕਰਨ ਨਾਲ ਕਰਮਚਾਰੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚੀ ਹੈ। ਹਲਕਾ ਵਿਧਾਇਕ ਵੱਲੋਂ ਕੀਤੇ ਇਸ ਵਰਤਾਰੇ ਲਈ DC ਦਫ਼ਤਰ ਰੂਪਨਗਰ ਅਤੇ ਇਸ ਅਧੀਨ ਪੈਂਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਸਾਰੇ ਕਰਮਚਾਰੀ ਮਿਤੀ 21-07-2023 ਨੂੰ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਕਰ ਕੇ ਧਰਨਾ ਪ੍ਰਦਰਸ਼ਨ ਕਰਨਗੇ।
ਦਿਨੇਸ਼ ਚੱਢਾ ਹਲਕਾ ਵਿਧਾਇਕ ਰੂਪਨਗਰ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਤੋਂ ਮਾਫ਼ੀ ਮੰਗਣ, ਜੇ ਮਿਤੀ 22-07-2023 ਤੱਕ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਮਾਫ਼ੀ ਨਾ ਮੰਗੀ ਤਾਂ ਮਿਤੀ 23-07-2023 ਨੂੰ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਹੜਤਾਲ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੀ ਸਾਰੀ ਜ਼ਿੰਮੇਵਾਰੀ ਹਲਕਾ ਵਿਧਾਇਕ ਦੀ ਹੋਵੇਗੀ।