
ਹੜ੍ਹ ਪੀੜਤਾਂ ਨੂੰ ਮੁਆਵਜ਼ਾ ਤੇ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ ਦੀ 10 ਏਕੜ ਜ਼ਮੀਨ ਹਰਿਆਣਾ ਨੂੰ ਦੇਣ ਦੇ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ
ਚੰਡੀਗੜ੍ਹ - ਅੱਜ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਤੇ ਦੋ ਮੰਗ ਪੱਤਰ ਸੌਂਪੇ।
ਜਿਸ ਵਿਚ ਪਹਿਲਾਂ ਮੰਗ ਪੱਤਰ ਉਹਨਾਂ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਦਿੱਤਾ ਗਿਆ ਤੇ ਦੂਜੇ ਮੰਗ ਪੱਤਰ ਵਿਚ ਉਹਨਾਂ ਨੇ ਮੰਗ ਕੀਤੀ ਕਿ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ ਦੀ 10 ਏਕੜ ਜ਼ਮੀਨ ਹਰਿਆਣਾ ਨੂੰ ਦੇਣ ਦੇ ਫ਼ੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ।
ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਨੇ ਜਨਜੀਵਨ ਤਬਾਹ ਕਰ ਦਿੱਤਾ ਹੈ ਅਤੇ ਸੈਂਕੜੇ ਹੀ ਘਰ ਤਬਾਹ ਹੋਣ ਕਾਰਨ ਪਰਿਵਾਰ ਬੇਘਰ ਹੋ ਗਏ ਹਨ। ਪੰਜਾਬ ਦੇ ਇੱਕ ਤਿਹਾਈ ਤੋਂ ਵੀ ਵੱਧ ਇਲਾਕਿਆਂ ਦੇ ਲੋਕ ਬੁਨਿਆਦੀ ਲੋੜਾਂ ਤੋਂ ਵਾਂਝੇ ਹੋ ਗਏ ਹਨ, ਕਾਰੋਬਾਰ ਠੱਪ ਹੋ ਗਏ ਹਨ, ਦੁਕਾਨਾਂ ਅਤੇ ਮਕਾਨ ਤਬਾਹ ਹੋ ਗਏ ਹਨ, ਦੁਧਾਰੂ ਪਸ਼ੂ ਮਰ ਗਏ ਹਨ, 4 ਲੱਖ ਹੈਕਟੇਅਰ ਤੋਂ ਵੱਧ ਉਪਜਾਊ ਜ਼ਮੀਨ ਬਰਬਾਦ ਹੋ ਗਈ ਹੈ। ਪੀੜਤਾਂ ਦੇ ਜੀਵਨ ਨੂੰ ਲੀਹ 'ਤੇ ਲਿਆਉਣ ਲਈ ਭੋਜਨ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵਿੱਤੀ ਸਹਾਇਤਾ ਦੀ ਸਖ਼ਤ ਲੋੜ ਹੈ।
ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਚੰਡੀਗੜ੍ਹ ਦੇ ਮੁੱਦੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਵਾਲੇ ਮੁੱਦੇ 'ਤੇ ਪੰਜਾਬ ਭਾਜਪਾ ਇਸ 'ਤੇ ਅਪਣਾ ਸਟੈਂਡ ਸਪੱਸ਼ਟ ਕਰੇ। ਉਹਨਾਂ ਨੇ ਕਿਹਾ ਕਿ ਭਾਜਪਾ ਇਸ ਮੁੱਦੇ 'ਤੇ ਚੋਰ ਮੋਰੀ ਜ਼ਰੀਏ ਖੇਡਣਾ ਬੰਦ ਕਰੇ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਰਾਜਪਾਲ 'ਤੇ ਦਬਾਅ ਬਣਾ ਕੇ ਗਲਤ ਕਦਮ ਉਠਵਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਕਿਸੇ ਵੀ ਕੀਮਤ 'ਤੇ ਜਾਣ ਨਹੀਂ ਦੇਣਗੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਹੀ ਉਜਾੜ ਕੇ ਬਣਾਇਆ ਗਿਆ ਹੈ ਤੇ ਹੁਣ ਪੰਜਾਬ ਤੋਂ ਇਸ ਦਾ ਹੱਕ ਖੋਹਿਆ ਨਹੀਂ ਜਾ ਸਕਦਾ।