
ਕਿਹਾ, ਬਾਦਲਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਬਾਰੇ ਕੋਈ ਪੜਤਾਲੀਆਂ ਕਮਿਸ਼ਨ ਬਣਾਉਣ ਦੀ ਬਜਾਏ ਇੰਦਰਾ ਨੂੰ ਵਿਧਾਨ ਸਭਾ ਵਿਚ ਸ਼ਰਧਾਂਜਲੀਆਂ ਦਿੰਦੇ ਰਹੇ
ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਨਵੀਂ ਪੁਰਾਣੀ ਬਾਦਲ ਕੰਪਨੀ ਵਲੋਂ ਗ੍ਰੰਥ ਤੇ ਪੰਥ ਨਾਲ ਗ਼ਦਾਰੀਆਂ ਕਰਨ ਤੋਂ ਬਾਅਦ ਨਿਮਾਣੇ ਸਿੱਖ ਬਣ ਕੇ ਰਾਜਨੀਤਕ ਠੱਗੀ ਮਾਰਨ ਲਈ ਕੀਤੇ ਜਾ ਰਹੇ ਢੌਂਗਪੁਣੇ ਬਾਰੇ ਆਖਿਆ ਹੈ ਕਿ ਬਾਦਲਕਿਆਂ ਨੇ ਦਿੱਲੀ ਨਾਗਪੁਰ ਨਾਲ ਰਲ ਕੇ ਮਹਾਂਪਾਪ ਕੀਤੇ ਹਨ, ਗ਼ਲਤੀਆਂ ਨਹੀਂ ਕੀਤੀਆਂ।
ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਭਾਈਚਾਰਕ ਸਾਂਝ ਦੀ ਆੜ ਵਿਚ ਕਾਂਗਰਸ, ਭਾਜਪਾ, ਆਰ.ਐਸ.ਐਸ. ਨਾਲ ਯਾਰੀਆਂ ਪਾਈਆਂ ਤੇ ਸਿੱਖਾਂ ਦੀ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ, ਨਸ਼ਿਆਂ ਰਾਹੀਂ ਕੀਤੀ ਗਈ ਕੁਲਨਾਸ਼ ਵਿਚ ਸ਼ਾਮਲ ਹੋਏ ਅਤੇ ਕੁਲਨਾਸ਼ ਉਪਰ ਪਰਦਾ ਪਾ ਕੇ ਨਾ ਮੁਆਫ਼ੀਯੋਗ ਅਪਰਾਧ ਕੀਤਾ। ਬਾਦਲ ਕੰਪਨੀ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਸਮੇਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਅਤਿਵਾਦੀ ਦਸਦੀ ਰਹੀ, ਦਿੱਲੀ ਨਾਗਪੁਰ ਨਾਲ ਗੁਪਤ ਮੀਟਿੰਗਾਂ ਕਰਦੀ ਰਹੀ, ਗੁਪਤ ਚਿੱਠੀਆਂ ਲਿਖਦੀ ਰਹੀ। ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਬਾਰੇ ਕੋਈ ਪੜਤਾਲੀਆਂ ਕਮਿਸ਼ਨ ਬਣਾਉਣ ਦੀ ਬਜਾਏ ਇੰਦਰਾ ਨੂੰ ਵਿਧਾਨ ਸਭਾ ਵਿਚ ਸ਼ਰਧਾਂਜਲੀਆਂ ਦਿੰਦੀ ਰਹੀ। ਫ਼ੌਜੀ ਹਮਲੇ ਦਾ ਖੁਰਾਖੋਜ਼ ਮਿਟਾਉਣ ਲਈ ਹਮਲੇ ਦੇ ਸੱਭ ਨਿਸ਼ਾਨ ਮਿਟਾ ਦਿਤੇ। ਜਥੇਬੰਦੀਆਂ ਨੇ ਕਿਹਾ ਕਿ ਇਸ ਸਮੇਂ ਜਾਣ ਬੁਝ ਕੇ ਸਾਰੀ ਬਾਦਲ ਕੰਪਨੀ ਵਲੋਂ ਨਿਮਾਣੇ ਸਿੱਖ ਹੋਣ ਦੇ ਖੇਖਨ ਕੀਤੇ ਜਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ, ਕੇ.ਪੀ.ਐਸ. ਗਿੱਲ ਨਾਲ ਰਾਤ ਨੂੰ ਗੁਪਤ ਮੀਟਿੰਗਾਂ ਕਰਦੇ ਰਹੇ ਤੇ ਦਿਨ ਵੇਲੇ ਨੌਜਵਾਨਾਂ ਦੇ ਭੋਗਾਂ ’ਤੇ ਜਾਂਦੇ ਰਹੇ। ਹੋਰ ਤਾਂ ਹੋਰ ਬਾਦਲ ਕੰਪਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨਾਲ ਖਲੋਤੀ ਨਜ਼ਰ ਆਈ।
ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਦਾ ਘਾਣ ਕਰਾਉਣ ਦੀ ਸ਼ੁਰੂਆਤ ਵੀ ਬਾਦਲਕਿਆਂ ਵੇਲੇ ਹੋਈ। ਬੇਅਦਬੀਆਂ ਦਾ ਮਹਾਂਪਾਪ ਕਰ ਕੇ ਸਿੱਖ ਨੌਜਵਾਨਾਂ ਨੂੰ ਅਤਿਵਾਦੀ ਦਸਦੇ ਰਹੇ। ਸਿਰਸੇ ਵਾਲੇ ਦੁਸ਼ਟ ਸਾਧ ਨਾਲ ਰਲ ਕੇ ਬੇਅਦਬੀਆਂ ਕਰਾਉਂਦੇ ਰਹੇ ਤੇ ਬਿਨ ਮੰਗੇ ਮਾਫ਼ੀਆਂ ਦਿਵਾਉਂਦੇ ਰਹੇ। ਅੱਜ ਪੋਲੇ ਜਿਹੇ ਮੂੰਹ ਨਾਲ ਮਹਾਂਪਾਪਾਂ ਨੂੰ ਗ਼ਲਤੀਆਂ ਪ੍ਰਚਾਰਕੇ ਨਿਮਾਣੇ ਸਿੱਖ ਬਣਨ ਦਾ ਢੋਂਗ ਕੀਤਾ ਜਾ ਰਿਹਾ ਹੈ। ਬਾਗ਼ੀ ਅਖਵਾਉਣ ਵਾਲੀ ਬਾਦਲ ਕੰਪਨੀ ਸਾਰੇ ਪਾਪ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਕਰਦੀ ਰਹੀ। ਹੁਣ ਜਦੋਂ ਪੰਥ ਨੇ ਰਾਜ ਭਾਗ ਖੋਹ ਲਿਆ ਤਾਂ ਪੰਥ ਯਾਦ ਆ ਗਿਆ। ਗੁਰਬਾਣੀ ਮਨਮੁਖਾਂ ਨਾਲੋਂ ਤੋੜ ਵਿਛੋੜੇ ਦਾ ਸੰਦੇਸ਼ ਦਿੰਦੀ ਹੈ। ਪਰ ਲਗਦਾ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਮੁਖਾਂ ਨਾਲੋਂ ਪੂਰਨ ਤੋੜ ਵਿਛੋੜੇ ਦਾ ਸੰਦੇਸ਼ ਸਿੱਖ ਪੰਥ ਨੂੰ ਸੁਣਨ ਨੂੰ ਮਿਲੇਗਾ।
ਉਨ੍ਹਾਂ ਕਿਹਾ ਅਕਾਲੀ ਦਲ ਦਾ ਭੋਗ ਪਾਉਣ ਵਾਲੇ, ਅਨੰਦਪੁਰ ਮਤੇ ਨੂੰ ਛੱਡ ਕੇ ਧਾਰਾ 370 ਹਟਾਉਣ ਦੇ ਹੱਕ ਵਿਚ ਵੋਟਾਂ ਪਾਉਣ ਵਾਲੇ, ਯੂ.ਏ.ਪੀ.ਏ. ਦੇ ਹੱਕ ਵਿਚ ਭੁਗਤਣ ਵਾਲੇ, ਅਕਾਲੀ ਦਲ ਤੇ ਪੰਜਾਬ ਨੂੰ ਬਚਾਉਣ ਦੀਆਂ ਗੱਲ ਕਰ ਰਹੇ ਹਨ। ਇਸ ਮੌਕੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਕਿਰਪਾਲ ਸਿੰਘ ਰੰਧਾਵਾ, ਨਿਰਮਲ ਸਿੰਘ, ਕਾਬਲ ਸਿੰਘ ਆਦਿ ਮੌਜੂਦ ਸਨ।