
ਸੂਬੇ ਵਿਚ ਵੱਡੇ ਪੱਧਰ 'ਤੇ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਕਈ ਤਰ੍ਹਾਂ ਦੇ ਐਮਰਜੈਂਸੀ ਉਪਾਅ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ੍ਹ - ਸੂਬੇ ਵਿੱਚ ਵੱਡੇ ਪੱਧਰ ’ਤੇ ਵਧ ਰਹੇ ਕੋਵਿਡ ਦੇ ਕੇਸਾਂ ਨਾਲ ਨਜਿੱਠਣ ਲਈ ਜੰਗ ਵਰਗੀ ਤਿਆਰੀ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਤਰਾਂ ਦੇ ਹੰਗਾਮੀ ਕਦਮਾਂ ਦਾ ਐਲਾਨ ਕੀਤਾ। ਇਨਾਂ ਕਦਮਾਂ ਵਿੱਚ ਕੱਲ ਤੋਂ ਹੀ ਹਫਤੇ ਦੇ ਅੰਤਲੇ ਦਿਨਾਂ (ਵੀਕਐਂਡ) ਲਈ ਲੌਕਡਾਊਨ ਅਤੇ ਸੂਬੇ ਦੇ ਸਾਰੇ 167 ਸ਼ਹਿਰਾਂ/ਕਸਬਿਆਂ ਵਿੱਚ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਦਾ ਐਲਾਨ ਸ਼ਾਮਲ ਹੈ।
captain Amarinder Singh
ਮੁੱਖ ਮੰਤਰੀ ਨੇ 31 ਤੱਕ ਅਗਸਤ ਤੱਕ ਸਿਰਫ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਸੂਬੇ ਭਰ ਵਿੱਚ ਹਰ ਤਰਾਂ ਦੇ ਇਕੱਠਾਂ ਉਤੇ ਪਾਬੰਦੀ ਦੇ ਆਦੇਸ਼ ਦਿੱਤੇ ਹਨ। ਸੂਬੇ ਵਿੱਚ ਰੋਜ਼ਾਨਾ ਕੋਵਿਡ ਦੇ ਵਧਦੇ ਕੇਸਾਂ ਅਤੇ ਮੌਤਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਸੂਬੇ ਵਿੱਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਉਚ ਅਧਿਕਾਰੀਆਂ ਨਾਲ ਕੀਤੀ ਵੀਡਿਓ ਕਾਨਫਰੰਸ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰ 50 ਫੀਸਦੀ ਸਟਾਫ ਨਾਲ ਖੁੱਲਣਗੇ।
curfew
ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹੁਕਮ ਕੀਤੇ ਕਿ ਉਹ ਸਰਕਾਰੀ ਦਫਤਰਾਂ ਵਿੱਚ ਜਨਤਕ ਮਹਿਮਾਨਾਂ ਨੂੰ ਸੀਮਤ ਕਰਨ ਅਤੇ ਆਨਲਾਈਨ ਸ਼ਿਕਾਇਤ ਨਿਵਾਰਨ ਸਿਸਟਮ ਨੂੰ ਲਾਗੂ ਕਰਨ ਜਿਸ ਨੂੰ ਸੂਬਾ ਸਰਕਾਰ ਨੇ ਬਿਨਾਂ ਕਿਸੇ ਰੁਕਾਵਟ ਦੇ ਆਨਲਾਈਨ ਕੰਮਕਾਰ ਨੂੰ ਹੁਲਾਰਾ ਦੇਣ ਲਈ ਮਜ਼ਬੂਤ ਕੀਤਾ ਹੈ।
Corona Test
ਕੋਵਿਡ ਕੇਸਾਂ ਨਾਲ ਬੁਰੀ ਤਰਾਂ ਪ੍ਰਭਾਵਿਤ ਪੰਜ ਜ਼ਿਲਿਆਂ ਅੰਮਿ੍ਰਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਐਸ.ਏ.ਐਸ.ਨਗਰ ਵਿੱਚ ਮੁੜ ਵਾਹਨਾਂ ਦੀ ਸਮਰੱਥਾ ਦੀਆਂ ਬੰਦਿਸ਼ਾਂ ਨੂੰ ਲਾਗੂ ਕੀਤਾ ਹੈ। ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਅਤੇ ਨਿੱਜੀ ਚਾਰ ਪਹੀਆ ਵਾਹਨ ਨੂੰ ਪ੍ਰਤੀ ਵਾਹਨ ਤਿੰਨ ਸਵਾਰੀਆਂ ਤੱਕ ਚਲਾਉਣ ਦੀ ਆਗਿਆ ਹੋਵੇਗੀ। ਕਿਸੇ ਵੀ ਨਿੱਜੀ ਵਾਹਨ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠਣੀਆਂ ਚਾਹੀਦੀਆਂ।
Dinkar Gupta
ਮੁੱਖ ਮੰਤਰੀ ਨੇ ਇਨਾਂ ਪੰਜ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਭੀੜ ’ਤੇ ਕੰਟਰੋਲ ਕਰਨ ਲਈ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ 50 ਫੀਸਦੀ ਦੁਕਾਨਾਂ ਹੀ ਖੋਲੀਆ ਜਾਣ। ਸੂਬੇ ਭਰ ਦੇ ਕੁੱਲ ਐਕਟਿਵ ਕੇਸਾਂ ਦੀ 80 ਫੀਸਦੀ ਗਿਣਤੀ ਸਿਰਫ ਇਨਾਂ ਪੰਜ ਜ਼ਿਲਿਆਂ ਵਿੱਚ ਹੈ।
ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਵਿਆਹ ਸਮਾਗਮਾਂ ਅਤੇ ਅੰਤਿਮ ਸਸਕਾਰ ਦੇ ਸਮੇਂ ਇਜਾਜ਼ਤ ਦਿੱਤੇ ਗਏ ਵਿਅਕਤੀਆਂ ਦੀ ਗਿਣਤੀ ਅਤੇ 31 ਅਗਸਤ ਤੱਕ ਸਿਆਸੀ ਇਕੱਠਾਂ ’ਤੇ ਮੁਕੰਮਲ ਪਾਬੰਦੀ ਸਬੰਧੀ ਬਣਾਏ ਗਏ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
Captain Amarinder Singh
ਸਥਿਤੀ ਦੀ ਸਮੀਖਿਆ 31 ਅਗਸਤ ਨੂੰ ਕੀਤੀ ਜਾਵੇਗੀ। ਉਨਾਂ ਡੀ.ਜੀ.ਪੀ. ਨੂੰ ਸਭ ਪ੍ਰਕਾਰ ਦੇ ਸਿਆਸੀ ਧਰਨਿਆਂ ਅਤੇ ਇਕੱਠਾਂ ’ਤੇ ਸਖਤੀ ਨਾਲ ਕਾਰਵਾਈ ਕਰਨ ਲਈ ਨਿਰਦੇਸ਼ ਦਿੰਦੇ ਹੋਏ ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਪਾਬੰਦੀਆਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਹੁਣ ਬਹੁਤ ਹੋ ਚੁੱਕਿਆ ਹੈ ਅਤੇ ਤੁਹਾਨੂੰ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਖਤ ਕਦਮ ਚੁੱਕਣੇ ਚਾਹੀਦੇ ਹਨ।’’
corona virus
ਸੂਬੇ ਵਿੱਚ ਹੁਣ ਤੱਕ ਕੋਵਿਡ ਨਾਲ ਹੋਈਆਂ 920 ਮੌਤਾਂ ਵੱਲ ਇਸ਼ਾਰਾ ਕਰਦੇ ਹੋਏ ਉਨਾਂ ਕਿਹਾ, ‘‘ਹਰੇਕ ਮੌਤ ਨਾਲ ਮੈਨੂੰ ਦੁੱਖ ਹੁੰਦਾ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਸਥਿਤੀ ਦੇ ਵਿਗੜਨ ਦੀਆਂ ਸੰਭਾਵਨਾਂ ਹਨ।’’ ਕੋਵਿਡ ਦੇ ਫੈਲਾਅ ਨੂੰ ਠੱਲ ਪਾਉਣ ਲਈ ਚੁੱਕੇ ਜਾ ਰਹੇ ਕਦਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਲੋਕਾਂ ਦੀ ਭਾਗੀਦਾਰੀ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹੋਰ ਸਾਰੇ ਵਿਭਾਗਾਂ, ਐਨ.ਜੀ.ਓਜ਼ ਅਤੇ ਸਥਾਨਕ ਆਗੂਆਂ ਦੀ ਮਦਦ ਨਾਲ ਲੋਕ ਸਾਂਝੇਦਾਰੀ ਯਕੀਨੀ ਬਣਾਉਣ ਲਈ ਕਿਹਾ।
Corona Virus
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਇਸ ਸਮੇਂ ਸਿਹਤ ਸਬੰਧੀ ਹੰਗਾਮੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਜਿਨਾਂ ਵਿੱਚ ਆਉਂਦੇ ਦਿਨਾਂ ਦੌਰਾਨ ਕੋਵਿਡ ਨੂੰ ਨੱਥ ਪਾਉਣ ਲਈ ਹੋਰ ਵੀ ਤੇਜ਼ੀ ਲਿਆਂਦੀ ਜਾ ਸਕਦੀ ਹੈ। ਹਾਲਾਂਕਿ ਮੌਜੂਦਾ ਸਮੇਂ ਸ਼ਹਿਰੀ ਖੇਤਰਾਂ ਵਿੱਚ ਹੀ ਮਾਮਲੇ ਵੇਖਣ ਨੂੰ ਆ ਰਹੇ ਹਨ ਪਰ ਪੇਂਡੂ ਖੇਤਰਾਂ ਵਿੱਚ ਵੀ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਲੋੜ ਪੈਣ ’ਤੇ ਸਫਰ ਕਰਨ ਸਬੰਧੀ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਹਨ।