
ਨਕਲੀ ਸ਼ਰਾਬ ਦੁਖਾਂਤ 'ਤੇ ਵਿਰੋਧੀਆਂ ਵਲੋਂ ਕੀਤੇ ਕੂੜ ਪ੍ਰਚਾਰ ਦੀ ਕੀਤੀ ਸਖ਼ਤ ਆਲੋਚਨਾ
ਚੰਡੀਗੜ੍ਹ, 14 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਨਕਲੀ ਕੀਟਨਾਸ਼ਕਾਂ/ਖਾਦਾਂ ਦੀ ਵਿਕਰੀ ਨੂੰ ਰੋਕਣ ਲਈ ਮਹੀਨਾ ਭਰ ਚਲਣ ਵਾਲੀ ਵਿਸ਼ੇਸ਼ ਮੁਹਿੰਮ ਵਿਢਣ ਦਾ ਐਲਾਨ ਕੀਤਾ। ਉਨ੍ਹਾਂ ਇਹ ਐਲਾਨ ਅਪਣੇ ਫੇਸਬੁੱਕ ਲਾਈਵ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੌਰਾਨ ਇਕ ਕਿਸਾਨ ਵਲੋਂ ਕੀਤੀ ਸ਼ਿਕਾਇਤ ਦੇ ਜਵਾਬ ਵਿਚ ਕੀਤਾ। ਕੋਟਸੁਖੀਆ ਦੇ ਜਸਵਿੰਦਰ ਬਰਾੜ ਨੇ ਕਿਹਾ ਸੀ ਕਿ ਸਮਾਜ ਵਿਰੋਧੀ ਅਨਸਰ ਨਕਲੀ ਖਾਦਾਂ ਵੇਚ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਸ਼ਿਕਾਇਤਾਂ ਪਿਛਲੇ ਹਫ਼ਤੇ ਵੀ ਮਿਲੀਆਂ ਸਨ ਅਤੇ ਹੁਣ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਸੂਬੇ ਵਿਚ ਨਕਲੀ ਖਾਦਾਂ/ਕੀਟਨਾਸ਼ਕਾਂ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਣ ਲਈ ਇਕ ਮਹੀਨੇ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਜਦੋਂ ਵੀ ਖਾਦ ਜਾਂ ਕੀਟਨਾਸ਼ਕ ਖਰੀਦ ਤਾਂ ਬਿੱਲ ਜ਼ਰੂਰ ਲੈਣ, ਇਹ ਬਿੱਲ ਅਜਿਹੇ ਡੀਲਰਾਂ ਵਿਰੁਧ ਕਾਰਵਾਈ ਵਿਚ ਬਹੁਤ ਸਹਾਈ ਸਿੱਧ ਹੋਣਗੇ ਜਿਹੜੇ ਨਕਲੀ ਉਤਪਾਦਾਂ ਨੂੰ ਵੇਚਦੇ ਹਨ।
ਬਠਿੰਡਾ ਦੇ ਇਕ ਵਸਨੀਕ ਵਲੋਂ ਵਿਰੋਧੀਆਂ ਵਲੋਂ ਕਾਂਗਰਸੀ ਵਿਧਾਇਕਾਂ 'ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਦੇ ਦੋਸ਼ ਲਗਾ ਕੇ ਸੂਬੇ ਭਰ ਵਿੱਚ ਦਿੱਤੇ ਜਾ ਰਹੇ ਧਰਨਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਵੱਡਾ ਹੋਵੇ ਜਾਂ ਛੋਟਾ ਪਰ ਵਿਰੋਧੀ ਪਾਰਟੀਆਂ ਇਸ ਨਕਲੀ ਸ਼ਰਾਬ ਦੇ ਦੁਖਾਂਤ ਤੋਂ ਰਾਜਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਕੋਲ ਇਸ ਤੋਂ ਵਧੀਆ ਕਰਨ ਨੂੰ ਕੁਝ ਨਹੀਂ, ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਿਰਾ ਝੂਠ ਬੋਲ ਰਹੀਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਇਸ ਕੂੜ ਪ੍ਰਚਾਰ ਦੇ ਭਰਮ ਵਿੱਚ ਨਾ ਆਉਣ। ਉਨ੍ਹਾਂ ਪੁੱਛਿਆ, ਉਹ (ਅਕਾਲੀ ਦਲ ਤੇ ਹੋਰ) ਕਿਵੇਂ ਕਹਿ ਸਕਦੇ ਹਨ ਕਿ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਰਨ ਤਾਰਨ ਦੇ ਵਸਨੀਕ ਵੱਲੋਂ ਕੀਤੀ ਇਹ ਟਿੱਪਣੀ ਕਿ ਉਹ ਪੇਂਡੂ ਫਾਰਮੇਸੀ ਵਿੱਚ ਕੰਟਰੈਕਟ ਦਾ ਮੁਲਾਜ਼ਮ ਹੋਣ ਕਰਕੇ ਆਪਣੀ ਤਨਖਾਹ ਨਾਲ ਆਪਣੇ ਪਰਿਵਾਰ ਦੀ ਮੱਦਦ ਨਹੀਂ ਕਰ ਸਕਦਾ ਜਿਸ ਕਰਕੇ ਉਹ ਪੰਜ ਲੱਖ ਰੁਪਏ ਤੇ ਪੱਕੀ ਨੌਕਰੀ ਲੈਣ ਲਈ ਜ਼ਹਿਰ ਪੀਣ ਨੂੰ ਤਿਆਰ ਹੈ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਬਿਲਕੁਲ ਗਲਤ ਹੈ।
ਉਨ੍ਹਾਂ ਕਿਹਾ ਕਿ ਪੰਜ ਲੱਖ ਰੁਪਏ ਸਦਾ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਸੂਬੇ ਵਿੱਚ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਢੰਗ-ਤਰੀਕੇ ਕੱਢਣ ਲਈ ਰਾਹ ਦੇਖ ਰਹੀ ਹੈ। ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਵਿਸ਼ਵਾਸ ਦਿਵਾਇਆ ਕਿ ਚੋਣ ਮੈਨੀਫੈਸਟੋ ਵਿੱਚ ਐਲਾਨੇ ਮਾਪਦੰਡਾਂ ਅਨੁਸਾਰ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਸਮਾਰਟ ਫੋਨ ਮਿਲੇਗਾ।
ਸਕਿੱਲ ਸੈਂਟਰਾਂ ਨੂੰ ਖੋਲ੍ਹਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਕੇਂਦਰ ਕੋਲ ਉਠਾਉਣਗੇ ਕਿਉਂਕਿ ਇਸ ਸਬੰਧੀ ਫੈਸਲਾ ਕੇਂਦਰੀ ਆਫ਼ਤਨ ਕਾਨੂੰਨ ਨੂੰ ਦੇਖ ਕੇ ਹੀ ਲਿਆ ਜਾਣਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਲਿਬਨਾਨ ਵਿੱਚ ਫਸੇਂ ਪੰਜਾਬੀਆਂ ਦਾ ਮਾਮਲਾ ਉਹ ਭਾਰਤ ਸਰਕਾਰ ਕੋਲ ਉਠਾਉਣਗੇ।
ਅਲਾਵਪੁਰ, ਗੁਰਦਾਸਪੁਰ ਪਿੰਡ ਵਿਚ ਤਿੰਨ ਮਹੀਨਿਆਂ ਤੋਂ ਪੀਣਯੋਗ ਪਾਣੀ ਨਾ ਹੋਣ ਦੀ ਸ਼ਿਕਾਇਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ ਨੂੰ ਦੇਖਣ ਅਤੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਬੰਧਤ ਅਧਿਕਾਰੀਆਂ ਨੂੰ ਕਹਿਣਗੇ।
ਵੱਖ-ਵੱਖ ਸਮਾਜਿਕ, ਸੱਭਿਆਚਾਰਕ ਤੇ ਸਿਰਜਣਾਤਮਕ ਖੇਤਰ ਦੇ ਲੋਕਾਂ ਵੱਲੋਂ ਸਾਬਕਾ ਫੌਜੀਆਂ ਦੇ ਸਨਮਾਨ ਵਿੱਚ ਤਿਆਰ ਕੀਤੇ ਗਾਣੇ 'ਅਪਣਾ ਕਾਰਵਾਂ' ਲਈ ਸੰਦੇਸ਼ ਦੇਣ ਵਾਸਤੇ ਲੁਧਿਆਣਾ ਦੇ ਵਸਨੀਕਾਂ ਵੱਲੋਂ ਕੀਤੀ ਅਪੀਲ 'ਤੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੈਨਿਕ ਦੇਸ਼ ਦੀ ਸੇਵਾ ਕਰਨ ਲਈ ਮੁਸ਼ਕਲ ਪ੍ਰਸਥਿਤੀਆਂ ਵਿੱਚ ਵੀ ਡਿਊਟੀ ਕਰਦੇ ਹਨ।
ਫੌਜੀ ਸਿਆਚਿਨ ਵਰਗੇ ਖੇਤਰ ਵਿੱਚ ਮਨਫੀ 40 ਡਿਗਰੀ ਤੋਂ ਰੇਗਿਸਤਾਨ ਵਿਚਲੇ 50 ਡਿਗਰੀ ਤਪਮਾਨ ਇਲਾਕੇ ਵਿੱਚ ਵੀ ਆਪਣਾ ਫਰਜ਼ ਬਾਖੂਬੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਚੀਨੀਆਂ ਨਾਲੋਂ ਵੱਖ ਹੈ ਕਿਉਂਕਿ ਭਾਰਤੀ ਆਪਣੇ ਦਿਲੋਂ ਫੌਜ ਵਿੱਚ ਭਰਤੀ ਹੁੰਦੇ ਹਨ। ਮੁੱਖ ਮੰਤਰੀ ਨੇ ਹੋਰ ਵੀ ਕਈ ਨਿੱਜੀ ਤੇ ਸਥਾਨਕ ਮਾਮਲਿਆਂ ਨੂੰ ਸੁਣਿਆ ਜਿਨ੍ਹਾਂ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਵਸਨੀਕਾਂ ਨੇ ਉਨ੍ਹਾਂ ਅੱਗੇ ਨਿਯੁਕਤੀਆਂ, ਬੈਂਕ ਲੋਨ, ਸੀਵਰੇਜ, ਸੇਮ ਆਦਿ ਦੀਆਂ ਸਮੱਸਿਆਵਾਂ ਰੱਖੀਆਂ।