
ਦੁਕਾਨਾਂ ਅਤੇ ਸ਼ਾਪਿੰਗ ਮਾਲ ਲਈ ਸਮਾਂ ਨਿਸ਼ਚਿਤ ਕੀਤਾ
ਚੰਡੀਗੜ, 17 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸੂਬੇ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮਦੇਨਜ਼ਰ ਅੱਜ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਚ 18.08.2020 ਤੋਂ ਅਗਲੇ ਆਦੇਸ਼ਾਂ ਤਕ ਵਾਧੂ ਪਾਬੰਦੀਆਂ ਲਗਾਈਆਂ ਹਨ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਸ਼ਹਿਰੀ ਖੇਤਰਾਂ ਵਿਚ ਕੋਵਿਡ-19 ਮਾਮਲਿਆਂ ਵਿਚ ਅਚਾਨਕ ਵਾਧਾ ਹੋਣ ਕਰ ਕੇ ਰਾਜ ਦੇ ਸਾਰੇ ਸ਼ਹਿਰਾਂ ਵਿਚ ਕੁਝ ਗਤੀਵਿਧੀਆਂ 'ਤੇ ਵਾਧੂ ਪਾਬੰਦੀਆਂ ਲਾਉਣਾ ਜ਼ਰੂਰੀ ਸਮਝਿਆ ਗਿਆ ਹੈ। ਇਸ ਅਨੁਸਾਰ 18 ਅਗੱਸਤ ਤੋਂ ਅਗਲੇ ਆਦੇਸ਼ਾਂ ਤਕ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿਊਂਸਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਅੱਗੇ ਦਸਿਆ ਕਿ ਸਾਰੀਆਂ ਗ਼ੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਮਿਊਂਸਿਪਲ ਹਦੂਦ ਦੇ ਅੰਦਰ ਰਾਤ 9.00 ਵਜੇ ਤੋਂ ਸਵੇਰੇ 5 ਵਜੇ ਤਕ ਪਾਬੰਦੀ ਰਹੇਗੀ। ਹਾਲਾਂਕਿ, ਮਲਟੀਪਲ ਸ਼ਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਜ਼ਰੂਰੀ ਚੀਜਾਂ ਦੀ ਆਵਾਜਾਈ ਅਤੇ ਸਮਾਨ ਨੂੰ ਉਤਾਰਨ ਅਤੇ ਬਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ 2-3 ਸ਼ਿਫਟਾਂ ਵਿਚ ਚੱਲ ਰਹੇ ਉਦਯੋਗ ਵੀ ਖੁਲ੍ਹੇ ਰਹਿਣਗੇ।
Photo
ਉਨ੍ਹਾਂ ਨੇ ਦਸਿਆ ਕਿ ਰੈਸਟੋਰੈਂਟ, ਹੋਟਲ ਅਤੇ ਹੋਰ ਪਰਾਹੁਣਚਾਰੀ ਦੀਆਂ ਇਕਾਈਆਂ ਰਾਤ 8.30 ਵਜੇ ਤਕ ਖੁਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 8 ਵਜੇ ਤਕ ਖੁਲ੍ਹੇ ਰਹਿਣਗੇ। ਸ਼ਾਪਿੰਗ ਮਾਲਾਂ ਵਿਚ ਸਥਿਤ ਰੈਸਟੋਰੈਂਟ / ਹੋਟਲ ਤੇ ਅਤੇ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤਕ ਖੁਲ੍ਹੇ ਰਹਿਣਗੇ।
ਇਸ ਤੋਂ ਇਲਾਵਾ ਰਾਜ ਭਰ ਵਿਚ ਜ਼ਰੂਰੀ ਚੀਜ਼ਾਂ ਅਤੇ ਸ਼ਾਪਿੰਗ ਮਾਲਾਂ ਵਿਚ ਵਪਾਰ ਕਰਨ ਵਾਲਿਆਂ ਤੋਂ ਇਲਾਵਾ 31.07.2020 ਦੀਆਂ ਹਦਾਇਤਾਂ ਅਨੁਸਾਰ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ। ਇਸ ਤੋਂ ਬਿਨਾਂ ਲੁਧਿਆਣਾ, ਪਟਿਆਲਾ ਅਤੇ ਜਲੰਧਰ 3 ਸ਼ਹਿਰਾਂ ਵਿਚ ਦੁਕਾਨਾਂ (ਜ਼ਰੂਰੀ ਚੀਜ਼ਾਂ ਦਾ ਕਾਰੋਬਾਰ ਕਰਨ ਵਾਲਿਆਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਵੀ ਅਗਲੇ ਹੁਕਮਾਂ ਤਕ ਬੰਦ ਰਹਿਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਨਿਚਰਵਾਰ ਅਤੇ ਐਤਵਾਰ ਨੂੰ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵੱਡੇ ਸ਼ਹਿਰਾਂ ਵਿਚ ਬੇਲੋੜੀ ਯਾਤਰਾ ਤੋਂ ਗੁਰੇਜ਼ ਕਰਨ।
ਮਨਪ੍ਰੀਤ ਸਿੰਘ ਬਾਦਲ ਅਤੇ ਪ੍ਰਵਾਰਕ ਜੀਅ ਇਕਾਂਤਵਾਸ
ਇਸੇ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਐਸ.ਐਸ.ਪੀ. ਭੁਪਿੰਦਰਜੀਤ ਵਿਰਕ ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਪ੍ਰਵਾਰਕ ਜੀਅ ਇਕਾਂਤਵਾਸ ਹੋ ਗਏ ਹਨ। ਇਹ ਜਾਣਕਾਰੀ ਖ਼ੁਦ ਟਵੀਟ ਰਾਹੀਂ ਦਿੰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਡਾਕਟਰ ਦੀ ਸਲਾਹ ਮੁਤਾਬਕ ਅਜਿਹਾ ਕਰ ਰਹੇ ਹਨ ਤੇ 14 ਦਿਨ ਕਿਸੇ ਪ੍ਰੋਗਰਾਮ ਵਿਚ ਨਹੀਂ ਜਾਣਗੇ।
ਪੰਜਾਬ ਵਿਚ ਇਕੋ ਦਿਨ ਵਿਚ 51 ਮੌਤਾਂ ਤੇ 1500 ਪਾਜ਼ੇਟਿਵ ਮਾਮਲੇ
ਚੰਡੀਗੜ੍ਹ, 17 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਹੁਣ ਕੋਰੋਨਾ ਦਾ ਕਹਿਰ ਸਿਰ ਚੜ੍ਹ ਬੋਲਣ ਲੱਗਾ ਹੈ। ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਵਿਚ ਹਰ ਰੋਜ਼ ਵੱਡਾ ਉਛਾਲ ਆ ਰਿਹਾ ਹੈ ਤੇ ਹਸਪਤਾਲਾਂ ਵਿਚ ਇਲਾਜ ਅਧੀਨ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਅੱਜ ਸ਼ਾਮ ਤਕ ਪਿਛਲੇ 24 ਘੰਟੇ ਦੌਰਾਨ ਇਕ ਦਿਨ ਵਿਚ ਹੀ 51 ਮੌਤਾਂ ਹੋ ਗਈਆਂ ਹਨ ਅਤੇ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 1500 ਤਕ ਪਹੁੰਚ ਗਿਆ ਹੈ।
ਪਹਿਲਾਂ ਇਹ ਇਕ ਦਿਨ ਵਿਚ 1000 ਤੋਂ 12 ਤਕ ਚਲ ਰਿਹਾ ਸੀ ਤੇ ਮੌਤਾਂ ਦੀ ਗਿਣਤੀ 35 ਤੋਂ 40 ਤਕ ਸੀ। ਇਸ ਤਰ੍ਹਾਂ ਸੂਬੇ ਵਿਚ ਹੁਣ ਤਕ ਕੁਲ ਮੌਤਾਂ 865 ਤਕ ਪਹੁੰਚ ਗਈਆਂ ਹਨ ਤੇ ਕੁਲ ਪਾਜ਼ੇਟਿਵ ਅੰਕੜਾ 32700 ਤੋਂ ਅੱਜ ਸ਼ਾਮ ਤਕ ਪਾਰ ਹੋ ਚੁਕਾ ਹੈ, ਜੋ ਦੇਰ ਰਾਤ ਤਕ ਹੋਰ ਵਧੇਗਾ। ਇਸ ਸਮੇਂ ਠੀਕ ਹੋਣ ਵਾਲੇ ਕੁਲ ਮਰੀਜ਼ਾਂ ਦਾ ਅੰਕੜਾ ਵੀ 20180 ਹੈ।
ਇਲਾਜ ਅਧੀਨ 11653 ਮਰੀਜ਼ਾਂ ਵਿਚੋਂ 382 ਗੰਭੀਰ ਹਾਲਤ ਵਾਲੇ ਹਨ, ਜਿਨ੍ਹਾਂ ਵਿਚੋਂ 38 ਇਸ ਸਮੇਂ ਵੈਂਟੀਲੇਟਰ ਉਪਰ ਜਾ ਚੁਕੇ ਹਨ। ਲੁਧਿਆਣ, ਜਲੰਧਰ ਤੇ ਪਟਿਆਲਾ ਜ਼ਿਲ੍ਹੇ ਸੱਭ ਤੋਂ ਵੱਧ ਮਾਰ ਹੇਠ ਹਨ, ਭਾਵੇਂ ਕਿ ਹੋਰ ਸਾਰੇ ਜ਼ਿਲ੍ਹਿਆਂ ਵਿਚ ਵੀ ਅੰਕੜਾ ਵੱਧ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਸੱਭ ਤੋਂ ਵੱਧ 256 ਮੌਤਾਂ ਹੋਈਆਂ ਹਨ। ਅੱਜ ਵੀ ਇਸ ਜ਼ਿਲ੍ਹੇ ਵਿਚ 14 ਮੌਤਾਂ ਹੋਈਆਂ। ਪਟਿਆਲਾ ਵਿਚ 6 ਤੇ ਜਲੰਧਰ ਵਿਚ 5 ਜਾਨਾਂ ਗਈਆਂ। ਇਨ੍ਹਾਂ ਤਿੰਨਾਂ ਹੀ ਜ਼ਿਲ੍ਹਿਆਂ ਵਿਚ ਅੱਜ ਇਕੋ ਦਿਨ ਵਿਚ 650 ਤਦੋਂ ਵੱਧ ਹੋਰ ਪਾਜ਼ੇਟਿਵ ਮਾਮਲੇ ਆਏ ਹਨ।