
ਪੰਜਾਬ ਸਰਕਾਰ ਨੇ ਦਫ਼ਤਰੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਗੱਲਬਾਤ ਦਾ ਰਾਹ ਖੋਲ੍ਹਿਆ
ਚੰਡੀਗੜ੍ਹ, 19 ਅਗੱਸਤ (ਗੁਰਉਪਦੇਸ਼ ਭੁੱਲਰ): 6 ਅਗੱਸਤ ਤੋਂ ਪੰਜਾਬ ਤੇ ਚੰਡੀਗੜ੍ਹ ਵਿਚ ਸੂਬਾ ਸਰਕਾਰ ਦੀ ਦਫ਼ਤਰੀ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੇ ਮੱਦੇਨਜ਼ਰ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਨੇ ਹੁਣ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਦਾ ਰਾਹ ਖੋਲ੍ਹਿਆ ਹੈ। ਇਸ ਹੜਤਾਲ ਕਾਰਨ ਚੰਡੀਗੜ੍ਹ ਸਰਕਾਰ ਦੇ ਮੁੱਖ ਦਫ਼ਤਰ ਪੰਜਾਬ ਸਕੱਤਰੇਤ ਤੋਂ ਇਲਾਵਾ ਪੰਜਾਬ ਵਿਚ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਦਫ਼ਤਰਾਂ ਦੇ ਕੰਮ 'ਤੇ ਕਲਮ ਛੋੜ ਹੜਤਾਲ ਕਾਰਨ ਮਾੜਾ ਅਸਰ ਪੈ ਰਿਹਾ ਹੈ। ਕੋਰੋਨਾ ਕਾਰਨ 50 ਫ਼ੀ ਸਦੀ ਮੁਲਾਜ਼ਮਾਂ ਦੀ ਹਾਜ਼ਰੀ ਤਾਂ ਪਹਿਲਾਂ ਹੀ ਘੱਟ ਹੈ ਪਰ ਹੜਤਾਲ ਕਾਰਨ ਬਾਕੀ ਸਟਾਫ਼ ਦੀ ਗਿਣਤੀ ਵੀ ਕਈ ਦਿਨਾਂ ਤੋਂ ਘੱਟ ਜਾਣ ਕਾਰਨ ਕੋਰੋਨਾ ਮਹਾਂਮਾਰੀ ਦੀਆਂ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਤ ਹੋਣ ਲੱਗੀਆਂ ਹਨ।pic
ਇਸ ਕਾਰਨ ਹੁਣ ਸਰਕਾਰ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਅਤੇ ਦਫ਼ਤਰੀ ਮੁਲਾਜ਼ਮਾਂ ਦੀ ਸੂਬਾਈ ਯੂਨੀਅਨ ਦੇ ਆਗੂਆਂ ਨੂੰ ਸਰਕਾਰ ਵਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਗੱਲਬਾਤ ਲਈ ਅਪਣੀ ਰਿਹਾਇਸ਼ 'ਤੇ ਸੱਦਿਆ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਨੇ ਦਸਿਆ ਕਿ 5 ਮੈਂਬਰਾਂ ਦਾ ਵਫ਼ਦ ਨੂੰ ਗੱਲਬਾਤ ਲਈ ਬੁਲਾਇਆ ਗਿਆ ਹੈ। ਦਫ਼ਤੀਰ ਸਟਾਫ਼ ਮੁੱਖ ਤੌਰ 'ਤੇ ਇਸ ਸਮੇਂ ਉਨ੍ਹਾਂ ਨੂੰ ਮਿਲਦੇ ਮੋਬਾਈਲ ਭੱਤੇ ਵਿਚ ਕਟੌਤੀ ਕਰਨ ਦਾ ਜਿਥੇ ਵਿਰੋਧ ਕਰ ਰਿਹਾ ਹੈ, ਉਥੇ ਵਿਭਾਗਾਂ ਦੇ ਪੁਨਰ ਗਠਨ ਦੀ ਸਕੀਮ ਤਹਿਤ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਵਿਰੁਧ ਵੀ ਰੋਸ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਸ ਸਮੇਂ ਖ਼ਾਲੀ ਅਸਾਮੀਆਂ ਭਰਨ ਦੀ ਜ਼ਿਆਦਾ ਲੋੜ ਹੈ ਤਾਂ ਜੋ ਦਫ਼ਤਰਾਂ ਵਿਚ ਸਟਾਫ਼ ਦੀ ਕਮੀ ਪੂਰੀ ਕਰ ਕੇ ਪ੍ਰਸ਼ਾਸਨ ਦਾ ਕੰਮ ਸਹੀ ਤਰੀਕੇ ਨਾਲ ਹੋ ਸਕੇ।