ਇਕ ਸਾਲ ਬਾਅਦ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀ.ਸੀ.
ਚੰਡੀਗੜ੍ਹ, 19 ਅਗੱਸਤ (ਭੁੱਲਰ) : ਆਖ਼ਰ ਇਕ ਸਾਲ ਬਾਅਦ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਨੂੰ ਨਵਾਂ ਵੀ.ਸੀ. ਮਿਲਿਆ ਹੈ | ਪੰਜਾਬ ਸਰਕਾਰ ਲੇ ਡਾ.ਸਤਬੀਰ ਸਿੰਘ ਗੋਸਲ ਨੂੰ ਯੂਨੀਵਰਸਿਟੀ ਦਾ ਨਵਾਂ ਵੀ.ਸੀ. ਨਿਯੁਕਤ ਕੀਤਾ ਹੈ | ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦਿਤੀ | ਇਕ ਸਾਲ ਤੋਂ ਇਹ ਅਹੁਦਾ ਖ਼ਾਲੀ ਹੋਣ ਕਾਰਨ ਖੇਤੀ ਯੂਨੀਵਰਸਿਟੀ ਦੇ ਕੰਮ 'ਤੇ ਅਸਰ ਪੈ ਰਿਹਾ ਸੀ | ਹੋਰ ਕਈ ਅਹਿਮ ਅਹੁਦੇ ਵੀ ਖ਼ਾਲੀ ਹਨ ਅਤੇ ਹੁਣ ਵੀ.ਸੀ. ਦੀ ਨਿਯੁਕਤੀ ਬਾਅਦ ਬਾਕੀ ਅਹੁਦੇ ਵੀ ਭਰੇ ਜਾਣਗੇ |
ਡਾ. ਬਲਦੇਵ ਸਿੰਘ ਢਿਲੋਂ ਦੀ ਸੇਵਾ ਮੁਕਤੀ ਬਾਅਦ ਵੀ.ਸੀ. ਦਾ ਅਹੁਦਾ ਖ਼ਾਲੀ ਪਿਆ ਸੀ ਅਤੇ ਆਈ.ਏ.ਐਸ ਅਫ਼ਸਰ ਡੀ.ਕੇ.ਤਿਵਾੜੀ ਕਾਰਜਕਾਰੀ ਵੀ.ਸੀ. ਵਜੋਂ ਕੰਮ ਦੇਖ ਰਹੇ ਸਨ | ਨਵੇਂ ਬਣੇ ਵੀ.ਸੀ. ਡਾ.ਗੋਸਲ ਪ੍ਰਸਿੱਧ ਖੇਤੀ ਵਿਗਿਆਨੀ ਹਨ ਅਤੇ ਉਹ ਇਸ ਤੋਂ ਪਹਿਲਾਂ ਯੂਨੀਵਰਸਿਟੀ 'ਚ ਡਾਇਰੈਕਟਰ ਖੋਜ ਵੀ ਰਹਿ ਚੁਕੇ ਹਨ | ਉਨ੍ਹਾਂ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਮਿਲ ਚੁਕੇ ਹਨ |