
ਪਿਛਲੇ ਕੁਝ ਸਾਲਾਂ ਵਿਚ ਉਹ 150 ਤੋਂ 200 ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੀ ਹੈ
ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਵਿਚ ਕੰਮ ਕਰਦੀ ਮਹਿਲਾ ਕਾਂਸਟੇਬਲ ਪ੍ਰਿਅੰਕਾ (34) ਸਮਾਜ ਲਈ ਮਿਸਾਲ ਬਣ ਰਹੀ ਹੈ। ਆਪਣੀ ਪੁਲਿਸ ਦੀ 'ਡਿਊਟੀ' ਨੂੰ ਪਹਿਲੇ ਨੰਬਰ 'ਤੇ ਰੱਖਣ ਵਾਲੀ ਪ੍ਰਿਅੰਕਾ ਸਮਾਜ ਸੇਵਾ ਲਈ ਵੀ ਸਮਾਂ ਕੱਢ ਰਹੀ ਹੈ। ਉਹ ਇਸ ਕੰਮ ਵਿਚ ਨਿਰਸਵਾਰਥ ਸੇਵਾ ਕਰ ਰਹੀ ਹੈ। ਪ੍ਰਿਅੰਕਾ ਸ਼ਹਿਰ ਵਿਚ ਮਿਲਦੀਆਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਦੀ ਹੈ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਚ ਵਿਸਰਜਿਤ ਵੀ ਕਰਦੀ ਹੈ।
ਪਿਛਲੇ ਕੁਝ ਸਾਲਾਂ ਵਿਚ ਉਹ 150 ਤੋਂ 200 ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੀ ਹੈ। ਪ੍ਰਿਅੰਕਾ ਨੇ ਦੱਸਿਆ ਕਿ ਉਸ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੁਲਿਸ ਵਿਭਾਗ ਤੋਂ ਇਜਾਜ਼ਤ ਮੰਗੀ ਸੀ, ਜੋ ਉਸ ਨੂੰ 20 ਮਾਰਚ ਨੂੰ ਮਿਲ ਗਈ। ਵਿਭਾਗ ਨੇ ਕਿਹਾ ਹੈ ਕਿ ਇਸ ਕੰਮ ਨਾਲ ਉਨ੍ਹਾਂ ਦੀ ਪੁਲਿਸ ਦੀ ਡਿਊਟੀ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਅਤੇ ਅਜਿਹੇ ਕੰਮ ਨਾਲ ਪੁਲਿਸ ਦਾ ਅਕਸ ਖ਼ਰਾਬ ਨਹੀਂ ਹੋਣਾ ਚਾਹੀਦਾ।
ਇਸ ਦੇ ਨਾਲ ਹੀ ਇਸ ਦੇ ਲਈ ਕੋਈ ਵੱਖਰਾ ਮਿਹਨਤਾਨਾ ਨਹੀਂ ਦਿੱਤਾ ਜਾਵੇਗਾ। ਸੈਕਟਰ 49 'ਚ ਰਹਿਣ ਵਾਲੀ ਕਾਂਸਟੇਬਲ ਪ੍ਰਿਅੰਕਾ ਆਲ ਇੰਡੀਆ ਸੇਵਾ ਸਮਿਤੀ ਨਾਂ ਦੀ ਸੰਸਥਾ ਨਾਲ ਮਿਲ ਕੇ ਇਹ ਕੰਮ ਕਰ ਰਹੀ ਹੈ। ਪ੍ਰਿਅੰਕਾ ਨੇ ਦੱਸਿਆ ਕਿ ਉਹ ਸਾਲ 2015 ਤੋਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਕੰਮ 'ਤੇ ਕਦੇ ਵੀ ਆਪਣੀ ਡਿਊਟੀ ਪ੍ਰਭਾਵਿਤ ਨਹੀਂ ਹੋਣ ਦਿੱਤੀ। ਹੁਣ ਵਿਭਾਗ ਦੀ ਪ੍ਰਵਾਨਗੀ ਨਾਲ ਉਹ ਇਸ ਸੇਵਾ ਕਾਰਜ ਨੂੰ ਹੋਰ ਤਨਦੇਹੀ ਨਾਲ ਕਰ ਰਹੀ ਹੈ।
ਪ੍ਰਿਅੰਕਾ ਨੇ ਦੱਸਿਆ ਕਿ ਸਾਲ 2013 'ਚ ਉਸ ਦੀ ਡਿਊਟੀ ਪੀਜੀਆਈ ਪੋਸਟ 'ਤੇ ਸੀ। ਉਹ ਸਮਾਜ ਸੇਵੀ ਮਦਨ ਲਾਲ ਵਸ਼ਿਸ਼ਟ ਨੂੰ ਲਾਵਾਰਿਸ ਲਾਸ਼ਾਂ ਦੇ ਸਸਕਾਰ ਦੇ ਸਬੰਧ ਵਿਚ ਪੀਜੀਆਈ ਵਿਚ ਆਉਂਦੇ ਦੇਖਦੀ ਸੀ। ਉੱਥੋਂ ਪ੍ਰਿਅੰਕਾ ਨੂੰ ਪ੍ਰੇਰਨਾ ਮਿਲੀ। ਇਸ ਤੋਂ ਬਾਅਦ ਉਹ ਉਸ ਨਾਲ ਇਸ ਨੇਕ ਕੰਮ ਵਿਚ ਲੱਗ ਗਈ। ਪ੍ਰਿਅੰਕਾ ਨੇ ਦੱਸਿਆ ਕਿ ਜਦੋਂ ਸਾਲ 2018 'ਚ ਉਸ ਦਾ ਵਿਆਹ ਹੋਇਆ ਤਾਂ ਉਸ ਨੇ ਮਦਨ ਲਾਲ ਨੂੰ ਆਪਣਾ ਪਿਤਾ ਮੰਨਦੇ ਹੋਏ ਮਹਿੰਦਰਗੜ੍ਹ (ਹਰਿਆਣਾ) 'ਚ ਆਪਣਾ ਕੰਨਿਆ ਦਾਨ ਕਰਵਾਇਆ। ਇਸ ਦੇ ਨਾਲ ਹੀ ਉਸ ਦੀ ਛੋਟੀ ਭੈਣ ਦਾ ਕੰਨਿਆਦਾਨ ਉਸ ਦੇ ਅਸਲੀ ਪਿਤਾ ਨੇ ਹੀ ਕੀਤਾ ਸੀ। ਦੋਨੋਂ ਭੈਣਾਂ ਇਕੱਠੀਆਂ ਹੀ ਵਿਆਹੀਆਂ ਗਈਆਂ ਸਨ।
ਪ੍ਰਿਅੰਕਾ ਨੇ ਕਿਹਾ ਕਿ ਜਦੋਂ ਸਾਲ 2020 'ਚ ਉਨ੍ਹਾਂ ਦੇ ਘਰ ਬੇਟਾ ਹੋਇਆ ਸੀ ਤਾਂ ਕੋਰੋਨਾ ਕਾਲ ਕਾਰਨ ਪਰਿਵਾਰ ਦੇ ਮੈਂਬਰ ਨਹੀਂ ਆ ਸਕੇ ਸਨ। ਫਿਰ ਮਦਨ ਲਾਲ ਨੇ ਪਿਤਾ ਬਣ ਕੇ ਬੱਚੇ ਦੇ ਜਨਮ ਨਾਲ ਜੁੜੀਆਂ ਰਸਮਾਂ ਪੂਰੀਆਂ ਕੀਤੀਆਂ। ਉਸ ਤੋਂ ਬਾਅਦ ਪਿਤਾ-ਬੇਟੀ ਦਾ ਇਹ ਰਿਸ਼ਤਾ ਕਾਫੀ ਮਜ਼ਬੂਤ ਹੋ ਗਿਆ ਹੈ। ਪ੍ਰਿਅੰਕਾ ਦਾ ਕਹਿਣਾ ਹੈ ਕਿ ਉਹ ਲਾਵਾਰਿਸ ਲਾਸ਼ਾਂ ਦੇ ਦਸਤਾਵੇਜ਼ ਤਿਆਰ ਕਰਵਾਉਣ, ਸਸਕਾਰ ਕਰਨ ਅਤੇ ਅਸਥੀਆਂ ਦਾ ਵਿਸਰਜਨ ਕਰਨ ਦੇ ਕੰਮ ਵਿਚ ਲਗਾਤਾਰ ਜੁਟੀ ਹੋਈ ਹੈ।