ਭਾਜਪਾ ਨੇ ਦੇਸ਼ ਨੂੰ 'ਹਿੰਦੂ ਰਾਸ਼ਟਰ' 'ਚ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ਵਰਗਾ ਹਸ਼ਰ ਹੋਵੇਗਾ : ਗਹਿਲੋਤ
ਅਹਿਮਦਾਬਾਦ, 19 ਅਗੱਸਤ : ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੇਸ਼ ਨੂੰ 'ਹਿੰਦੂ ਰਾਸ਼ਟਰ' 'ਚ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਦਾ ਹਸ਼ਰ ਵੀ ਪਾਕਿਸਤਾਨ ਵਰਗਾ ਹੋ ਜਾਵੇਗਾ | ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸੀਨੀਅਰ ਆਬਜ਼ਰਵਰ ਗਹਿਲੋਤ ਨੇ ਭਾਜਪਾ 'ਤੇ ਸਿਰਫ਼ ਧਰਮ ਦੇ ਨਾਂ 'ਤੇ ਚੋਣਾਂ ਲੜਨ ਅਤੇ ਜਿੱਤਣ ਦਾ ਦੋਸ਼ ਲਾਇਆ | ਗਹਿਲੋਤ ਭਾਜਪਾ ਸ਼ਾਸਤ ਗੁਜਰਾਤ 'ਚ ਬੁਧਵਾਰ ਤੋਂ ਅਪਣੇ ਦੋ ਦਿਨਾਂ ਦੌਰੇ 'ਤੇ ਹਨ |
ਅਪਣੇ ਦੌਰੇ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਹਿਲੋਤ ਨੇ ਕਿਹਾ, 'ਪੂਰੇ ਦੇਸ਼ 'ਚ ਭਾਜਪਾ (ਸਰਕਾਰ) ਵਲੋਂ ਕਈ ਸਮਾਜ ਸੇਵਕਾਂ ਅਤੇ ਪੱਤਰਕਾਰਾਂ ਨੂੰ ਜੇਲ ਭੇਜਿਆ ਗਿਆ ਹੈ | ਉਹ (ਭਾਜਪਾ) ਫਾਸੀਵਾਦੀ ਹਨ, ਜੋ ਸਿਰਫ਼ ਧਰਮ ਦੇ ਨਾਂ 'ਤੇ ਚੋਣਾਂ ਜਿੱਤ ਰਹੇ ਹਨ | ਇਸ ਤੋਂ ਇਲਾਵਾ ਭਾਜਪਾ ਕੋਲ ਨਾ ਕੋਈ ਵਿਚਾਰਧਾਰਾ ਹੈ, ਨਾ ਕੋਈ ਨੀਤੀ ਹੈ, ਨਾ ਕੋਈ ਗਵਰਨੈਂਸ ਮਾਡਲ ਹੈ |' ਉਨ੍ਹਾਂ ਭਾਜਪਾ 'ਤੇ ਇਹ ਵੀ ਦੋਸ਼ ਲਾਇਆ ਕਿ ਉਹ 'ਗੁਜਰਾਤ ਮਾਡਲ' ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ |
(ਪੀਟੀਆਈ)