
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਦਾ 75 ਘੰਟੇ ਦਾ ਧਰਨਾ ਸ਼ੁਕਰਵਾਰ ਨੂੰ ਦੂਜੇ ਦਿਨ ਵੀ ਜਾਰੀ
ਲਖੀਮਪੁਰ ਖੀਰੀ, 19 ਅਗੱਸਤ : ਤਿਕੋਣੀਆ ਕਾਂਡ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਦਾ 75 ਘੰਟੇ ਦਾ ਧਰਨਾ ਸ਼ੁਕਰਵਾਰ ਨੂੰ ਦੂਜੇ ਦਿਨ ਵਿਚ ਦਾਖ਼ਲ ਹੋ ਗਿਆ | ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਅਪਣੇ ਮੁੱਦਿਆਂ ਦੇ ਹੱਲ ਲਈ ਵੱਡੇ ਪੈਮਾਨੇ 'ਤੇ ਦੇਸ਼ ਪਧਰੀ ਅੰਦੋਲਨ ਲਈ ਤਿਆਰ ਰਹਿਣ ਲਈ ਕਿਹਾ ਹੈ |
ਟਿਕੈਤ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਪਧਰੀ ਅੰਦੋਲਨ ਕਦੋਂ, ਕਿਥੇ ਅਤੇ ਕਿਸ ਤਰ੍ਹਾਂ ਹੋਵੇਗਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਉਚਿਤ ਸਮੇਂ 'ਤੇ ਇਸ ਬਾਰੇ ਜਾਣਕਾਰੀ ਦੇਣਗੇ | ਐਸਕੇਐਮ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਟਿਕੈਤ ਨੇ ਕਿਹਾ, 'ਅਸੀਂ ਐਸਕੇਐਮ ਕਮਜ਼ੋਰ ਹੋ ਜਾਂਦਾ ਹੈ, ਤਾਂ ਸਰਕਾਰਾਂ ਕਿਸਾਨਾਂ 'ਤ ਹਾਵੀ ਹੋ ਜਾਣਗੀਆਂ |' ਉਨ੍ਹਾਂ ਕਿਹਾ ਕਿ ਤਿਕੋਣੀਆ ਕਾਂਡ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖ਼ਾਸਤਗੀ ਦੇ ਨਾਲ ਨਾਲ ਘੱਟੋ-ਘੱਟ ਸਮਰਥਨ ਮੁੱਲ ਲਾਜ਼ਮੀ ਕਰਨ ਲਈ ਕਾਨੂੰਨ ਵੀ ਕਿਸਾਨਾਂ ਦਾ ਇਕ ਵੱਡਾ ਮੁੱਦਾ ਹੈ |
ਪੰਜਾਬ ਦੇ ਬੀਕੇਯੂ ਚੜੂਨੀ ਧੜੇ ਦੇ ਅਧਿਕਾਰੀ ਵੀ ਅੰਦੋਲਨਕਾਰੀ ਕਿਸਾਨਾਂ ਨਾਲ ਅਪਣੀ ਇਕਜੁਟਤਾ ਪ੍ਰਗਟ ਕਰਨ ਲਈ ਅੰਦੋਲਨ ਸਥਾਨ 'ਤੇ ਪੁੱਜੇ | ਚੜੂਨੀ ਧੜਾ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹੈ | ਸੰਯੁਕਤ ਕਿਸਾਨ ਮੋਰਚਾ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਪਾਲ, ਸਵਰਾਜ ਇੰਡੀਆ ਦੇ ਰਾਸ਼ਟਰੀ ਪ੍ਰਬੰਧਕ ਯੋਗੇਂਦਰ ਯਾਦਵ ਅਤੇ ਸਮਾਜਕ ਕਾਰਕੁਨ ਮੇਧਾ ਪਾਟੇਕਰ ਸਮੇਤ
ਮੁੱਖ ਆਗੂ ਵੀਰਵਾਰ ਨੂੰ ਸ਼ੁਰੂ ਹੋਏ ਇਸ ਧਰਨੇ ਵਿਚ ਸ਼ਾਮਲ ਹੋਏੇ |
ਕਿਸਾਨਾਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਅਜੈ ਮਿਸ਼ਰਾ ਨੂੰ ਮੰਤਰੀ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ | ਪੰਜਾਬ ਦੇ ਮੁੱਖ ਕਿਸਾਨ ਆਗੂ ਦਰਸ਼ਨ ਸਿੰਘ ਪਾਲ ਨੇ ਕਿਹਾ ਕਿ ਪ੍ਰਸ਼ਾਸਨ ਸ਼ੁਰੂ ਵਿਚ 10 ਮੈਂਬਰੀ ਵਫ਼ਦ ਨੂੰ ਗਿ੍ਫ਼ਤਾਰ ਕਿਸਾਨਾਂ ਨੂੰ ਜੇਲ ਵਿਚ ਮਿਲਣ ਲਈ ਤਿਆਰ ਨਹੀਂ ਸੀ, ਪਰੰਤੂ ਇਹ ਕਿਸਾਨਾਂ ਦੀ ਏਕਤਾ ਸੀ, ਜਿਸਨੇ 10 ਮੈਂਬਰਾਂ ਨੂੰ ਜੇਲ ਵਿਚ ਬੰਦ ਕਿਸਾਨਾਂ ਨੂੰ ਮਿਲਣ ਲਈ ਸਹਿਯੋਗ ਕੀਤਾ |
ਇਨ੍ਹਾਂ ਤੋਂ ਇਲਾਵਾ ਕਿਸਾਨ ਆਗੂ ਤਜਿੰਦਰ ਸਿੰਘ ਵਿਰਕ, ਰਣਜੀਤ ਰਾਜੂ, ਅਸ਼ੋਕ ਮਿੱਤਲ, ਦੀਪਕ ਲਾਂਬਾ, ਭਾਕਿਯੂ -ਟਿਕੈਤ ਰਾਸ਼ਟਰੀ ਜਥੇਬੰਦੀ ਸਕੱਤਰ ਭੂਦੇਵ ਸ਼ਰਮਾ, ਉਤਰ ਪ੍ਰਦੇਸ਼ ਅਤੇ ਉਤਰਖੰਡ ਮੁਖੀ ਬਲਜਿੰਦਰ ਸਿੰਘ ਮਾਨ, ਦਿਲਬਾਗ ਸਿੰਘ ਸੰਧੂ ਅਤੇ ਪੰਜਾਬ ਦੇ ਹੋਰ ਮੁੱਖ ਕਿਸਾਨ ਆਗੂ ਸ਼ਾਮਲ ਹਨ | ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ, ਉਤਰ ਪ੍ਰਦੇਸ਼ ਦੇ ਕਿਸਾਨ ਆਗੂਆਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ | ਇਸ ਤੋਂ ਪਹਿਲਾਂ ਟਿਕੈਤ ਨੇ ਐਸ ਕੇ ਐਮ ਦੀ ਕੋਰ ਕਮੇਟੀ ਦੇ ਹੋਰ ਮੈਂਬਰਾਂ ਨਾਲ ਸ਼ਹਿਰ ਦੇ ਇਕ ਗੁਰਦੁਆਰੇ ਵਿਚ ਗੱਲਬਾਤ ਕੀਤੀ ਗਈ | (ਪੀਟੀਆਈ)