
ਸਿੱਖ ਵਿਦਵਾਨ ਖੁਸ਼ਹਾਲ ਸਿੰਘ ਨੇ ਖੋਲ੍ਹ ਧਰਮ ਪਰਿਵਰਤਨ ਵਾਲੇ ਭੇਤ
Sikh scholar Khushal Singh News : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਰ ਐਸ ਐਸ ਰਾਹੀਂ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ’ਚ ਗਏ ਲੋਕਾਂ ਨੂੰ ਵਾਪਸ ਲਿਆਉਣ ਵਾਲੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਧਰਮ ਪਰਿਵਰਤਨ ਵਾਲੇ ਮੁੱਦੇ ’ਤੇ ਜਦੋਂ ਸਪੋਕਸਮੈਨ ਵੱਲੋਂ ਉਘੇ ਸਿੱਖ ਵਿਦਵਾਨ ਅਤੇ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦੀ ਪਰਵਿਰਤੀ ਸਿੱਖ ਧਰਮ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਰਨਾਂ ਕਰਕੇ ਧਰਮ ਪਰਿਵਰਤਨ ਹੋ ਰਿਹਾ ਹੈ ਉਹ ਕਾਰਨ ਜਦੋਂ ਤੱਕ ਸਮਾਜ ’ਚ ਰਹਿਣਗੇ ਧਰਮ ਪਰਿਵਰਤਨ ਚਲਦਾ ਰਹੇਗਾ। ਧਰਮ ਪਰਿਵਰਤਨ ਹੁੰਦਾ ਕਿਉਂ ਹੈ ਇਹ ਆਰ ਐਸ ਐਸ ਸਮਝਣਾ ਹੋਵੇਗਾ। ਉਨ੍ਹਾਂ ਕਿਹਾ ਜਦੋਂ ਤੱਕ ਸਮਾਜ ਅੰਦਰ ਦਲਿਤ ਭਾਈਚਾਰੇ ਦਾ ਸ਼ੋਸ਼ਣ ਬੰਦ ਨਹੀਂ ਹੁੰਦਾ ਉਦੋਂ ਤੱਕ ਧਰਮ ਪਰਿਵਰਤਨ ਨਹੀਂ ਰੁਕ ਸਕਦਾ।
ਆਰ ਐਸ ਐਸ ਜਾਂ ਰਵਨੀਤ ਸਿੰਘ ਬਿੱਟੂ ਦੇ ਹੱਥ ਵਿਚ ਅਜਿਹਾ ਕੁੱਝ ਵੀ ਨਹੀਂ ਕਿ ਦੂਜੇ ਧਰਮਾਂ ’ਚ ਗਏ ਵਿਅਕਤੀਆਂ ਨੂੰ ਵਾਪਸ ਲੈ ਆਉਣ। ਉਨ੍ਹਾਂ ਕਿਹਾ ਕਿ ਆਰ ਐਸ ਐਸ ਦੀਆਂ ਦਲਿਤ ਸ਼ੋਸ਼ਣ ਵਾਲੀਆਂ ਨੀਤੀਆਂ ਤੋਂ ਦੁਖੀ ਹੋ ਕੇ ਲੋਕ ਕ੍ਰਿਸ਼ਚਨ ਧਰਮ ਅਪਣਾ ਰਹੇ ਹਨ। ਖੁਸ਼ਹਾਲ ਸਿੰਘ ਨੇ ਕਿਹਾ ਕਿ ਧਰਮ ਪਰਿਵਰਤਨ ਦਾ ਮੁੱਦਾ ਸਿਰਫ਼ ਪੰਜਾਬ ਹੀ ਨਹੀਂ ਸਗੋਂ ਇਹ ਸਮੁੱਚੇ ਭਾਰਤ ਦਾ ਮਸਲਾ ਹੈ। ਭਾਜਪਾ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਜਿਹੇ ਬਿਆਨ ਦਿੱਤੇ ਜਾ ਰਹੇ ਤਾਂ ਜੋ ਭਾਜਪਾ ਪੰਜਾਬ ਦੇ ਸਿੱਖ ਅਤੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚ ਸਕੇ। ਭਾਰਤੀ ਜਨਤਾ ਪਾਰਟੀ ਆਰ ਐਸ ਐਸ ਰਾਹੀਂ ਪੰਜਾਬ ਅੰਦਰ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪਰਿਵਰਤਨ ਕਰਕੇ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ ਯਤਨ ਨਹੀਂ ਕਰ ਰਹੀ। ਤਾਂ ਉਨ੍ਹਾਂ ਕਿਹਾ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ’ਚ ਗਏ ਲੋਕਾਂ ਨੂੰ ਵਾਪਸ ਲਿਆਉਣਾ ਇਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਬਲਕਿ ਇਹ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜਿਸ ਕੰਮ ਲਈ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਉਹ ਉਸ ਕੰਮ ’ਤੇ ਖਰੀ ਨਹੀਂ ਉਤਰ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧਰਮ ਪਰਿਵਰਤਨ ਨੂੰ ਰੋਕਣ। ਉਨ੍ਹਾਂ ਕਿਹਾ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਸਿਰਫ਼ ਸੱਤਾ ਪ੍ਰਾਪਤੀ ਲਈ ਲੜਾਈ ਲੜਦੀਆਂ ਹਨ ਉਹ ਲੋਕਾਂ ਦੀ ਲੜਾਈ ਨਹੀਂ ਲੜਦੀਆਂ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤਿਕ ਪਾਰਟੀਆਂ ਵੱਲੋਂ ਦਲਿਤ ਭਾਈਚਾਰੇ ਨੂੰ ਸਹੂਲਤਾਂ ਦਿੱਤੀਆਂ ਗਈਆਂ ਹੁੰਦੀਆਂ ਤਾਂ ਅੱਜ ਇਹ ਧਰਮ ਪਰਿਵਰਤਨ ਵਾਲੀ ਨੌਬਤ ਹੀ ਨਾ ਆਉਂਦੀ।
ਜਦੋਂ ਸਿੱਖ ਵਿਦਵਾਨ ਖੁਸ਼ਹਾਲ ਸਿੰਘ ਤੋਂ ਪੁੱਛਿਆ ਗਿਆ ਕਿ ਆਰ ਐਸ ਐਸ ਪੰਜਾਬ ਵਿਚ ਆਈ ਕਿਵੇਂ। ਉਨ੍ਹਾਂ ਜਵਾਬ ਦਿੱਤਾ ਕਿ ਆਰ ਐਸ ਐਸ ਨੂੰ ਪੰਜਾਬ ਵਿਚ ਲੈ ਕੇ ਆਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ 1999 ਵਿਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀਤਾ ਸੀ, ਉਸ ਤੋਂ ਬਾਅਦ ਹੀ ਆਰ ਐਸ ਐਸ ਦੇ ਪੰਜਾਬ ਵਿਚ ਪੈਰ ਲੱਗਣੇ ਸ਼ੁਰੂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਹੀ ਆਰ ਐਸ ਐਸ ਨੂੰ ਪੰਜਾਬ ਵਿਚ ਥਾਂ ਦਿੱਤੀ ਸੀ ਅਤੇ ਹੁਣ ਆਰ ਐਸ ਐਸ ਪੰਜਾਬ ਵਿਚ ਆਪਣਾ ਆਧਾਰ ਮਜ਼ਬੂਤ ਕਰਨ ਵਿਚ ਲੱਗੀ ਹੋਈ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਕਿ ਸਿੱਖ ਧਰਮ ਪਰਿਵਰਤਨ ਕਰਕੇ ਦੂਜੇ ਧਰਮਾਂ ’ਚ ਗਏ ਸਾਰੇ ਵਿਅਕਤੀਆਂ ਨੂੰ ਪੰਜ ਸਾਲਾਂ ਦੇ ਅੰਦਰ ਅੰਦਰ ਮੁੜ ਤੋਂ ਸਿੱਖ ਧਰਮ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰ ਐਸ ਐਸ ਨੂੰ ਪੰਜਾਬ ਵਿਚੋਂ ਜੋ ਫੰਡ ਇਕੱਠਾ ਹੋਵੇਗਾ ਉਹ ਸਾਰਾ ਫੰਡ ਧਰਮ ਪਰਿਵਰਤਨ ਕਰਕੇ ਗਏ ਵਿਅਕਤੀਆਂ ’ਤੇ ਖਰਚ ਕੀਤਾ ਜਾਵੇਗਾ।