
• ਅਖੌਤੀ ਖੇਤੀ ਸੁਧਾਰਾਂ ਦੇ ਨਾਂ ਉਤੇ ਪੰਜਾਬ ਦੀ ਕਿਸਾਨੀ ਨਾਲ ਕੇਂਦਰ ਨੇ ਧ੍ਰੋਹ ਕਮਾਇਆ
ਚੰਡੀਗੜ੍ਹ•: ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਖੌਤੀ ਖੇਤੀਬਾੜੀ ਸੁਧਾਰਾਂ ਦੀ ਦੁਹਾਈ ਪਾਉਂਦੇ ਖੇਤੀਬਾੜੀ ਬਿੱਲਾਂ ਨੂੰ ਪੰਜਾਬ ਲਈ ਕਾਲੇ ਕਾਨੂੰਨ ਦੱਸਦਿਆਂ ਕਿਹਾ ਕਿ ਇਹ ਬਿੱਲ ਜਿੱਥੇ ਪੰਜਾਬ ਦੀ ਕਿਸਾਨੀ ਤੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰ ਦੇਣਗੇ ਉਤੇ ਦੇਸ਼ ਦੀ ਅੰਨ ਸੁਰੱਖਿਆ ਵੀ ਖ਼ਤਰੇ ਵੀ ਪੈ ਜਾਵੇਗੀ। ਕੇਂਦਰ ਸਰਕਾਰ ਤੋਂ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਵਰ੍ਹਿਆਂ ਤੋਂ ਦੇਸ਼ ਦਾ ਢਿੱਡ ਭਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਸਾਬਾਸ਼ ਦੇਣ ਦੀ ਬਜਾਏ ਇਹ ਬਿੱਲ ਲਿਆ ਕੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਗਿਆ ਹੈ।
Rana Gurmit Singh Sodhi
ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਨੇ ਪੰਜਾਬ ਦੇ ਕਿਸਾਨਾਂ, ਆੜਤੀਏ, ਮਜ਼ਦੂਰਾਂ ਅਤੇ ਸਮੁੱਚੇ ਮੰਡੀਕਰਨ ਢਾਂਚੇ ਦਾ ਭਵਿੱਖ ਖਤਰੇ ਵਿਚ ਪਾ ਦਿਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਵਡੇਰੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਪੰਜਾਬ ਵਿਚ ਇਨ੍ਹਾਂ ਬਿੱਲਾਂ ਪ੍ਰਤੀ ਫੈਲੀ ਅਸ਼ਾਂਤੀ ਤੇ ਡਰ ਨੂੰ ਸਮਝਣਾ ਚਾਹੀਦਾ ਹੈ। ਕਿਸਾਨਾਂ ਨੂੰ ਸੂਬਾ ਸਰਕਾਰ ਦੀ ਹਮਾਇਤ ਦਾ ਵਿਸ਼ਵਾਸ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਬਿੱਲਾਂ ਖਿਲਾਫ਼ ਅਦਾਲਤ ਵਿਚ ਜਾਣ ਦਾ ਵੀ ਫ਼ੈਸਲਾ ਕੀਤਾ ਹੈ ਅਤੇ ਇਨ੍ਹਾਂ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਹਰ ਉਪਰਾਲਾ ਕਰੇਗੀ।
RANA GURMIT SINGH SODHI
ਉਨ੍ਹਾਂ ਕਿਹਾ ਕਿ ਖੇਤੀ ਸੁਧਾਰਾਂ ਦੀ ਗੱਲ ਕਰਨ ਵਾਲੀ ਕੇਂਦਰ ਸਰਕਾਰ ਦੇ ਇਨ੍ਹਾਂ ਬਿੱਲਾਂ ਨਾਲ ਪੰਜਾਬ ਸਾਲਾਨਾ 4000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਪੰਜਾਬ ਸੂਬਾ ਜਿਸ ਦੀ ਆਰਥਿਕਤਾ ਪੂਰੀ ਤਰਾਂ ਖੇਤੀਬਾੜੀ ਉਤੇ ਹੀ ਨਿਰਭਰ ਹੈ, ਲਈ ਇਹ ਬਿੱਲ ਸਭ ਤੋਂ ਖਤਰਨਾਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੈਂਡਲੌਕ ਸੂਬਾ ਹੋਣ ਕਰਕੇ ਨਾ ਕੋਈ ਬੰਦਰਗਾਹ ਹੈ ਅਤੇ ਨਾ ਹੀ ਕੋਈ ਵੱਡੀ ਸਨਅਤ। ਪੰਜਾਬ ਦਾ ਇਕੋ ਇਕ ਸਹਾਰਾ ਖੇਤੀਬਾੜੀ ਵੀ ਹੁਣ ਖ਼ਤਰੇ ਵਿੱਚ ਪੈ ਗਈ। ਉਨ੍ਹਾਂ ਕਿਹਾ ਕਿ ਸਿਤਮਜਰੀਫੀ ਦੇਖੋਂ ਕਿਸਾਨਾਂ ਦੀ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਦੇ ਭਾਈਵਾਲਾਂ ਨੇ ਹੀ ਕਿਸਾਨੀ ਨਾਲ ਧੋਖਾ ਕੀਤਾ ਹੈ।
Captain Amarinder Singh
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਰਡੀਨੈਂਸ ਬਣਾਉਣ ਵੇਲੇ ਤੋਂ ਹੀ ਇਨ੍ਹਾਂ ਦਾ ਵਿਰੋਧ ਸ਼ੁਰੂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਰਡੀਨੈਂਸਾਂ ਖਿਲਾਫ਼ ਸਰਬਪਾਰਟੀ ਮੀਟਿੰਗ ਸੱਦੀ ਜਿਸ ਵਿਚ ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ਸਭ ਨੇ ਸੂਬਾ ਸਰਕਾਰ ਦਾ ਸਮਰਥਨ ਕੀਤਾ। ਫੇਰ ਇਸ ਖਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ। ਉਸ ਸਮੇਂ ਵੀ ਭਾਜਪਾ ਨੇ ਮਤੇ ਦਾ ਵਿਰੋਧ ਕੀਤਾ ਅਤੇ ਅਕਾਲੀ ਦਲ ਦੇ ਮੈਂਬਰ ਜਾਣ-ਬੁੱਝ ਕੇ ਗ਼ੈਰ ਹਾਜ਼ਰ ਰਹੇ।
Rana Gurmit Singh Sodhi
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਹਰ ਪੱਖੋਂ ਸੇਵਾ ਕੀਤੀ ਹੈ ਚਾਹੇ ਉਹ ਅੰਨ ਭੰਡਾਰ ਭਰਨ ਦੀ ਗੱਲ ਹੋਵੇ ਜਾਂ ਫੇਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ। ਦੇਸ਼ ਵਿੱਚ ਜਦੋਂ ਅੰਨ ਸੰਕਟ ਪਿਆ ਤਾਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਕੀਤਾ। ਹੁਣ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਕਿਸਾਨੀ ਦਾ ਦਰਦ ਦੇਖਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰੀ ਪੂਲ ਵਿਚ ਕਣਕ ਤੇ ਝੋਨੇ ਦਾ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਦੀ ਜੇ ਹੁਣ ਬਾਂਹ ਨਾ ਫੜੀ ਗਈ ਤਾਂ ਦੇਸ਼ ਨੂੰ ਵੱਡਾ ਅਨਾਜ ਸੰਕਟ ਪੈ ਜਾਵੇ ਜੋ ਸਭ ਤੋਂ ਖ਼ਤਰਨਾਕ ਹੋਵੇਗਾ।